ਘਰੇਲੂ ਬਗੀਚੀਆਂ ਬਾਰੇ ਮੁਕਾਬਲਾ ਕਰਾ ਕੇ ਪੋਸ਼ਣ ਸੰਬੰਧੀ ਸੁਨੇਹੇ ਨੂੰ ਪਸਾਰਿਆ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ) :ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਸਤੰਬਰ ਮਹੀਨੇ ਨੂੰ ਰਾਸ਼ਟਰੀ ਪੋਸ਼ਣ ਮਹੀਨੇ ਵਜੋਂ ਮਨਾਇਆ ਗਿਆ। ਨਿਊਟ੍ਰੀਸ਼ਨ ਸੋਸਾਇਟੀ ਆਫ਼ ਇੰਡੀਆ ਦੇ ਲੁਧਿਆਣਾ ਚੈਪਟਰ ਅਤੇ ਇੰਡੀਅਨ ਡਾਇਟੈਟਿਕ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਸ ਮੌਕੇ ਇੱਕ ਮੁਕਾਬਲਾ ਕਰਵਾਇਆ ਗਿਆ। ‘ਸੁਰੱਖਿਅਤ ਅਤੇ ਪੋਸ਼ਕ ਭੋਜਨ ਲਈ ਘਰੇਲੂ ਬਗੀਚੀਆਂ’ ਸਿਰਲੇਖ ਹੇਠ ਆਡੀਓ-ਵੀਡੀਓ ਸੁਨੇਹਿਆਂ ਦਾ ਇੱਕ ਮੁਕਾਬਲਾ ਆਯੋਜਿਤ ਹੋਇਆ ਜਿਸ ਵਿੱਚ 95 ਐਂਟਰੀਆਂ ਹੋਈਆਂ। ਇਸ ਮੁਕਾਬਲੇ ਦਾ ਉਦੇਸ਼ ਸਿਹਤ ਅਤੇ ਪੋਸ਼ਣ ਸੰਬੰਧੀ ਜਾਗਰੂਕਤਾ ਦਾ ਪਸਾਰ ਕਰਨਾ ਸੀ। ਵਿਸ਼ੇ ਅਤੇ ਨਿਭਾਅ ਦੇ ਪੱਖ ਤੋਂ ਪਹਿਲੇ ਦਸ ਆਡੀਓ-ਵੀਡੀਓ ਸੁਨੇਹੇ ਚੁਣੇ ਗਏ ਅਤੇ ਉਹਨਾਂ ਵਿੱਚੋਂ ਪਹਿਲੇ ਤਿੰਨ ਨੂੰ ਇਨਾਮ ਦਿੱਤੇ ਗਏ। ਇਨਾਮ ਵੰਡ ਸਮਾਗਮ ਦਾ ਆਨਲਾਈਨ ਆਯੋਜਨ ਕੀਤਾ ਗਿਆ। ਪਹਿਲਾ ਇਨਾਮ ਨਵਿਆ ਸ਼ਰਮਾ, ਦੂਸਰਾ ਇਨਾਮ ਆਸਥਾ ਬਹਿਲ ਤੇ ਪੁਨੀਤ ਕੰਗ ਅਤੇ ਤੀਜਾ ਇਨਾਮ ਸੁਖਪ੍ਰੀਤ ਕੌਰ ਅਤੇ ਗੁਰਅੰਸ਼ਪਾਲ ਸਿੰਘ ਨੂੰ ਮਿਲਿਆ।

ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਬੈਂਸ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮਕਸਦ ਘਰੇਲੂ ਬਗੀਚੀ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਛੋਟੇ-ਛੋਟੇ ਸੁਨੇਹਿਆਂ ਰਾਹੀਂ ਜਾਣਕਾਰੀ ਫੈਲਾਉਣਾ ਸੀ ਤਾਂ ਜੋ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਕਿਸਾਨੀ ਪਰਿਵਾਰਾਂ ਨੂੰ ਪੋਸ਼ਣ ਅਤੇ ਘਰੇਲੂ ਬਗੀਚੀ ਦੀ ਚੇਟਕ ਲੱਗ ਸਕੇ। ਉਹਨਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਭਵਿੱਖ ਵਿੱਚ ਅਜਿਹੇ ਹੋਰ ਕੰਮ ਕੀਤੇ ਜਾਣਗੇ ਜਿਨ੍ਹਾਂ ਨਾਲ ਸਿਹਤ ਅਤੇ ਪੋਸ਼ਣ ਬਾਰੇ ਹੋਰ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ।

Share this Article
Leave a comment