ਕੈਲੀਫੋਰਨੀਆ :ਵਿਦੇਸ਼ ਅੰਦਰ ਦਿਨ-ਬ-ਦਿਨ ਭਾਰਤੀਆਂ ਦੇ ਹੋ ਰਹੇ ਕਤਲ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਵਿਦੇਸ਼ ਅੰਦਰ ਬੀਤੇ ਕੁਝ ਦਿਨਾਂ ਅੰਦਰ ਹੀ ਕਈ ਭਾਰਤੀਆਂ ਦੇ ਕਤਲ ਦੇ ਮਾਮਲੇ ਸਾਹਮਣੇ ਆ ਚੁਕੇ ਹਨ। ਤਾਜ਼ਾ ਮਾਮਲਾ ਅਮਰੀਕਾ ਦੇ ਕੈਲੀਫੋਰਨੀਆ ਵਿਚ ਸਾਹਮਣੇ ਆਇਆ ਹੈ। ਜਿੱਥੇ ਇੱਥੋਂ ਦੇ ਇਲਾਕੇ ਸਨਬਰਨਾਰਦਿਨੋ ਵਿਚ ਬੀਤੇ ਦਿਨੀਂ ਇਕ ਭਾਰਤੀ ਮੂਲ ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਇੱਕ ਅਣਪਛਾਤੇ ਵਿਅਕਤੀ ਨੇ 25 ਸਾਲਾ ਵਿਦਿਆਰਥੀ ‘ਤੇ ਧੜਾਧੜ ਗੋਲੀਆਂ ਚਲਾ ਦਿੱਤੀਆਂ। ਵਿਦਿਆਰਥੀ ਦੀ ਪਹਿਚਾਣ ਅਭਿਸ਼ੇਕ ਸੁਦੇਸ਼ ਭੱਟ ਦੇ ਤੌਰ ‘ਤੇ ਹੋਈ ਹੈ ਅਤੇ ਇਹ ਭਾਰਤ ਵਿੱਚ ਕਰਨਾਟਕ ਦੇ ਮੈਸੂਰੂ ਇਲਾਕੇ ਦਾ ਰਹਿਣ ਵਾਲਾ ਹੈ। ਅਭਿਸ਼ੇਕ ਮੈਸੂਰ ਦੇ ਕੁਵੇਮਪ ਨਗਰ ਦੇ ਰਹਿਣ ਵਾਲੇ ਸੁਦੇਸ਼ ਚੰਦ ਅਤੇ ਨੰਦਿਨੀ ਅਥਲ ਦਾ ਬੇਟਾ ਹੈ ਅਤੇ ਉੱਘੇ ਲੇਖਕ ਕੇ ਸ਼ਿਵਰਾਮ ਅਥਲ ਦਾ ਪੋਤਰਾ ਹੈ।
ਜਾਣਕਾਰੀ ਮੁਤਾਬਿਕ ਦੋ ਦਿਨ ਪਹਿਲਾਂ ਅਭਿਸ਼ੇਕ ਨੇ ਆਪਣੇ ਪਿਤਾ ਨਾਲ ਫ਼ੋਨ ‘ਤੇ ਗੱਲ ਕੀਤੀ ਸੀ ਅਤੇ ਵੀਰਵਾਰ ਨੂੰ 11: 15 ਵਜੇ ਸੰਦੇਸ਼ ਭੇਜਿਆ ਸੀ। ਸੰਦੇਸ਼ ਤੋਂ 15 ਮਿੰਟ ਬਾਅਦ ਹੀ ਉਸ ਦੀ ਮੌਤ ਦੀ ਖ਼ਬਰ ਪਰਿਵਾਰ ਤੱਕ ਪਹੁੰਚ ਗਈ।
ਅਭਿਸ਼ੇਕ ਦੇ ਰਿਸ਼ਤੇਦਾਰ ਰਾਮਨਾਥ ਨੇ ਦੱਸਿਆ ਕਿ, “ਅਭਿਸ਼ੇਕ ਦੀ ਲਾਸ਼ ਇਕ ਹੋਟਲ ਦੇ ਕਮਰੇ ਦੇ ਸਾਹਮਣੇ ਮਿਲੀ ਸੀ ਅਤੇ ਪੀੜਤ ਆਪਣੇ ਖਾਲੀ ਸਮੇਂ ਦੌਰਾਨ ਇਸ ਹੋਟਲ ਵਿੱਚ ਕੰਮ ਕਰਦਾ ਸੀ।
ਦੱਸ ਦਈਏ ਕਿ ਇਸ ਸਮੇਂ ਪੀੜਤ ਪਰਿਵਾਰ ਅਭਿਸ਼ੇਕ ਨੂੰ ਅੰਤਮ ਸਸਕਾਰ ਲਈ ਵਾਪਸ ਲਿਆਉਣ ਲਈ ਪੂਰੀ ਜੱਦੋ ਜਹਿਦ ਕਰ ਰਿਹਾ ਹੈ ਪਰ ਸੈਨ ਬਰਨਾਰਡੀਨੋ ਦਾ ਹਰ ਰਸਤਾ ਖਰਾਬ ਮੌਸਮ ਲਗਭਗ ਬੰਦ ਹੈ। 25 ਸਾਲਾ ਅਭਿਸ਼ੇਕ 20 ਮਹੀਨੇ ਪਹਿਲਾਂ ਕੰਪਿਊਟਰ ਸਾਇੰਸ ਵਿਚ ਮਾਸਟਰਜ਼ ਕਰਨ ਲਈ ਅਮਰੀਕਾ ਗਿਆ ਸੀ ਅਤੇ ਉਹ ਸਿਰਫ ਚਾਰ ਮਹੀਨਿਆਂ ਵਿੱਚ ਕੋਰਸ ਪੂਰਾ ਕਰਨ ਵਾਲਾ ਸੀ।