ਮੈਡਰਿਡ: ਸਪੇਨ ਦੇ ਏਅਰਪੋਰਟ ‘ਚ ਇੱਕ ਵਾਰ ਫਿਰ ਸਿੱਖ ਪਾਇਲਟ ਦੇ ਨਾਲ ਬਦਸਲੂਕੀ ਕਰਦੇ ਹੋਏ ਉਨ੍ਹਾਂ ਨੂੰ ਦਸਤਾਰ ਉਤਾਰਨ ਲਈ ਮਜਬੂਰ ਕੀਤਾ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੁੱਧਵਾਰ ਨੂੰ ਏਅਰ ਇੰਡੀਆ ਦੇ ਪਾਇਲਟ ਕੈਪਟਨ ਸਿਮਰਨ ਗੁਜਰਾਲ, ਫਲਾਈਟ ਨੰਬਰ AI136 ਲੈ ਕੇ ਸਪੇਨ ਦੀ ਰਾਜਧਾਨੀ ਮੈਡਰਿਡ ਤੋਂ ਵਾਪਸ ਦਿੱਲੀ ਪਰਤ ਰਹੇ ਸਨ।
ਮਿਲੀ ਜਾਣਕਾਰੀ ਮੁਤਾਬਕ ਏਅਰ ਇੰਡੀਆ ਦੇ ਪਾਇਲਟ ਕੈਪਟਨ ਸਿਮਰਨ ਗੁਜਰਾਲ ਜਦੋਂ ਏਅਰਪੋਰਟ ‘ਤੇ ਮੈਟਲ ਡਿਟੈਕਟਰ ਤੋਂ ਨਿਕੱਲੇ ਤਾਂ ਉਨ੍ਹਾਂ ਨੂੰ ਉੱਥੇ ਮੌਜੂਦ ਅਧਿਕਾਰੀਆਂ ਨੇ ਰੋਕ ਲਿਆ।
ਗੁਜਰਾਲ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਹ ਮੈਟਲ ਡਿਟੈਕਟਰ ਤੋਂ ਨਿੱਕਲੇ ਤਾਂ ਕਿਸੇ ਵੀ ਤਰ੍ਹਾਂ ਦਾ ਅਲਾਰਮ ਨਹੀਂ ਵੱਜਿਆ ਸੀ, ਉਸ ਦੇ ਬਾਵਜੂਦ ਉਨ੍ਹਾਂ ਨੂੰ ਰੋਕ ਲਿਆ ਗਿਆ। ਜਿਸ ਤੋਂ ਬਾਅਦ ਏਅਰਪੋਰਟ ‘ਤੇ ਤਾਇਨਾਤ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਦਸਤਾਰ ਉਤਾਰਕੇ ਟ੍ਰੇਅ ਵਿੱਚ ਰੱਖਣ ਨੂੰ ਕਿਹਾ ਜਦੋਂ ਕੈਪਟਨ ਗੁਜਰਾਲ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਉੱਥੇ ਹੀ ਬਿਠਾ ਲਿਆ ਗਿਆ।
ਉਨ੍ਹਾਂ ਨੇ ਸੁਰੱਖਿਆ ਕਰਮੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਕਾਰਨ ਫਲਾਈਟ ਵੀ ਲੇਟ ਹੋ ਰਹੀ ਹੈ, ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਛੋਟ ਨਹੀਂ ਦਿੱਤੀ ਗਈ। ਬਾਅਦ ਵਿੱਚ ਫਲਾਈਟ ਦੇ ਹੋਰ ਪਾਇਲਟ ਆਏ ਤੇ ਉਨ੍ਹਾਂ ਨੂੰ ਦੂੱਜੇ ਟਰਮੀਨਲ ਤੋਂ ਐਂਟਰੀ ਕਰਾ ਕੇ ਲੈ ਗਏ।
ਕੈਪਟਨ ਸਿਮਰਨ ਨੇ ਦਾਅਵਾ ਕੀਤਾ ਹੈ ਕਿ ਮੈਡਰਿਡ ਏਅਰਪੋਰਟ ‘ਤੇ ਅਕਸਰ ਸਿੱਖਾਂ ਦੇ ਨਾਲ ਬਦਸਲੂਕੀ ਹੁੰਦੀ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆ ਦੇ ਕਿਸੇ ਵੀ ਹੋਰ ਏਅਰਪੋਰਟ ‘ਤੇ ਅਜਿਹਾ ਹੁੰਦੇ ਨਹੀਂ ਵੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਵਿੱਚ ਲੱਖਾਂ ਦੀ ਗਿਣਤੀ ‘ਚ ਸਿੱਖ ਰਹਿੰਦੇ ਹਨ ਇਸ ਦੇ ਬਾਵਜੂਦ ਉਨ੍ਹਾਂ ਨੂੰ ਉੱਥੇ ਕਦੇ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
Madrid airport is notorious for racial discrimination incidents. Last evening, Captain Simran Gujral of Air India was harassed and discriminated because of his turban.
I request @DrSJaishankar Ji to raise this issue at the global level@ANI @thetribunechd @ABPNews @htTweets pic.twitter.com/J65t7PMffO
— Manjinder Singh Sirsa (@mssirsa) November 27, 2019
ਇਸ ਘਟਨਾ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਰਾਜ਼ਗੀ ਜਤਾਈ ਹੈ। ਮਨਜਿੰਦਰ ਸਿੰਘ ਸਿਰਸਾ ਨੇ ਸਿਮਰਨ ਦੇ ਨਾਲ ਹੋਏ ਵਿਤਕਰੇ ਨੂੰ ਸਿੱਖ ਦਸਤਾਰ ਦੀ ਬੇਅਦਬੀ ਤੇ ਨਸਲੀ ਭੇਦਭਾਵ ਕਰਾਰ ਦਿੱਤਾ ਹੈ।
ਮਨਜਿੰਦਰ ਸਿਰਸਾ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਦੁਨੀਆ ਭਰ ਵਿੱਚ ਸਿੱਖਾਂ ਦੇ ਨਾਲ ਦਸਤਾਰ ਦੇ ਚਲਦੇ ਹੋ ਰਹੇ ਵਿਤਕਰੇ ‘ਤੇ ਰੋਕ ਲਗਾਉਣ ਲਈ ਕੋਈ ਹੱਲ੍ਹ ਕੱਢਣ।