ਅਵਤਾਰ ਸਿੰਘ
ਸੀਨੀਅਰ ਪੱਤਰਕਾਰ
ਯੂਨੈਸਕੋ ਵੱਲੋਂ ਚੰਡੀਗੜ੍ਹ ਦੇ ਕੈਪੀਟੋਲ ਕੰਪਲੈਕਸ ਨੂੰ ਵਿਸ਼ਵ ਵਿਰਾਸਤ ਵਜੋਂ ਐਲਾਨਿਆ ਗਿਆ ਹੈ। ਕੰਪਲੈਕਸ ਦੇ ਨੇੜੇ ਬਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਇਮਾਰਤ ਦੀ ਸੁਰੱਖਿਆ ਨੂੰ ਲੈ ਕੇ ਕੰਧਬਣਾਉਣ ਸੰਬੰਧੀ ਅੱਜ ਕੱਲ੍ਹ ਕਸ਼ਮਕਸ਼ ਚਲ ਰਹੀ ਹੈ। ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਸੁਰੱਖਿਆ ਦੇ ਮੱਦੇਨਜ਼ਰ 7 ਫੁੱਟ ਦੀਵਾਰ ਬਣਾਉਣ ਲਈ ਕਿਹਾ ਹੈ ਜਦਕਿ ਵਿਰਾਸਤੀ ਇਮਾਰਤਸਾਜ਼ੀ ਦੇ ਮਾਹਿਰ ਇਸ ਨੂੰ ਮਾਸਟਰ ਪਲਾਨ ਦੇ ਖਿਲਾਫ ਕਹਿ ਰਹੇ ਹਨ। ਇਸ ਦੇ ਅੰਤਿਮ ਫੈਸਲੇ ਲਈ ਪੈਨਲ ਦੀ ਮੀਟਿੰਗ 27 ਨਵੰਬਰ ਨੂੰ ਹੋਣੀ ਨਿਸ਼ਚਤ ਕੀਤੀ ਗਈ ਹੈ। ਸ਼ਹਿਰ ਦੀਆਂ ਹੋਰ ਕਈ ਇਮਾਰਤਾਂ ਨੂੰ ਵੀ ਵਿਰਾਸਤੀ ਬਿਲਡਿੰਗਾਂ ਐਲਾਨਿਆ ਹੋਇਆ ਹੈ। ਜੇ ਇਹਨਾਂ ਨਾਲ ਛੇੜਛਾੜ ਹੁੰਦੀ ਤਾਂ ਵਿਰਾਸਤ ਖੁੱਸਦੀ ਹੈ।
ਇਸੇ ਤਰ੍ਹਾਂ ਵੱਧ ਰਹੀ ਆਵਾਜਾਈ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਮੁੱਖ ਦੁਆਰ ਟ੍ਰਿਬਿਊਨ ਚੌਕ ‘ਤੇ ਫਲਾਈਓਵਰ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਇਸ ਦੇ ਨਿਰਮਾਣ ਲਈ ਮਿੱਟੀ ਦੇ ਸੈਪਲ ਵੀ ਲਏ ਜਾ ਚੁੱਕੇ ਹਨ। ਸੜਕ ਦੇ ਕਿਨਾਰਿਆਂ ‘ਤੇ ਖੜ੍ਹੇ ਦਰੱਖਤਾਂ ਨੂੰ ਪੁੱਟ ਕੇ ਦੂਜੀ ਥਾਂ ਲਾਉਣ ਲਈ ਹਵਨ ਵੀ ਹੋ ਚੁੱਕਾ ਹੈ। ਪਰ ਹਾਈ ਕੋਰਟ ਨੇ ਇਹਨਾਂ ਨੂੰ ਕੱਟਣ ‘ਤੇ ਰੋਕ ਲਗਾ ਦਿੱਤੀ ਹੈ। ਉਧਰ ਇਮਾਰਤਸਾਜ਼ੀ ਦੇ ਮਾਹਿਰਾਂ ਅਤੇ ਸ਼ਹਿਰ ਦੇ ਪ੍ਰਮੁੱਖ ਨਾਗਰਿਕਾਂ ਦਾ ਮੰਨਣਾ ਹੈ ਕਿ ਟ੍ਰਿਬਿਊਨ ਚੌਕ ‘ਤੇ ਫਲਾਈਓਵਰ ਬਣਨ ਨਾਲ ਸ਼ਹਿਰ ਦੀ ਅਸਲ ਵਿਰਾਸਤ ਦਾ ਮੁਹਾਂਦਰਾ ਨਸ਼ਟ ਹੋ ਜਾਵੇਗਾ। ਰਿਪੋਰਟਾਂ ਮੁਤਾਬਿਕ ਯੁ ਟੀ ਦੀ ਸਾਬਕਾ ਚੀਫ ਆਰਕੀਟੈਕਟ ਸੁਮੀਤ ਕੌਰ ਦਾ ਕਹਿਣਾ ਹੈ ਕਿ ਫਲਾਈਓਵਰ ਮਾਸਟਰ ਪਲਾਨ ਦੇ ਖਿਲਾਫ ਹੈ। ਆਵਾਜਾਈ ਦਾ ਮਸਲਾ ਹੱਲ ਕਰਨ ਲਈ ਪਬਲਿਕ ਟ੍ਰਾਂਸਪੋਰਟ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਆਵਾਜਾਈ ਦਾ ਮਸਲਾ ਪੰਚਕੂਲਾ ਅਤੇ ਮੋਹਾਲੀ ਦੇ ਅਧਿਕਾਰੀਆਂ ਨੂੰ ਸ਼ਾਮਿਲ ਕਰਨ ਤੋਂ ਬਿਨਾਂ ਹੱਲ ਨਹੀਂ ਹੋ ਸਕਦਾ। ਸੀਨੀਅਰ ਐਡਵੋਕੇਟ ਮਨਮੋਹਨ ਸਰੀਨ ਦਾ ਕਹਿਣਾ ਹੈ ਕਿ ਮਾਸਟਰ ਪਲਾਨ ਨੂੰ ਅੱਖੋਂ ਪਰੋਖੇ ਕਰਕੇ ਫਲਾਈਓਵਰ ਤਿਆਰ ਕਰਨਾ ਗ਼ਲਤ ਹੈ। ਕਿਸੇ ਵੀ ਕੀਮਤ ‘ਤੇ ਮਾਸਟਰ ਪਲਾਨ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਇਸ ਪ੍ਰੋਜੈਕਟ ਦੇ ਬਣਨ ਨਾਲ ਸ਼ਹਿਰ ਦੇ ਮੁੱਖ ਦੁਆਰ ਦਾ ਖਤਮ ਹੋਣਾ ਲਾਜ਼ਮੀ ਹੈ।
ਇਸੇ ਤਰ੍ਹਾਂ ਚੰਡੀਗੜ੍ਹ ਦੇ ਸਾਬਕਾ ਚੀਫ ਇੰਜੀਨੀਅਰ ਐੱਸ ਕੇ ਚੱਢਾ ਨੇ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਨਾਲ ਸਿੱਝਣ ਲਈ ਫਲਾਈਓਵਰ ਬਣਾਉਣਾ ਮਦਦ ਨਹੀਂ ਕਰ ਸਕਦਾ। ਚੰਡੀਗੜ੍ਹ ਯੂ ਟੀ ਦੇ ਇਕ ਹੋਰ ਪ੍ਰਸਿੱਧ ਆਰਕੀਟੈਕਟ ਤਰੁਣ ਮਾਥੁਰ ਦਾ ਮੰਨਣਾ ਹੈ ਕਿ ਫਲਾਈਓਵਰ ਦੇ ਤਿਆਰ ਹੋਣ ਨਾਲ ਨਜ਼ਰ ਆ ਰਹੇ ਖੁੱਲ੍ਹੇ ਦ੍ਰਿਸ਼ ਨੂੰ ਖ਼ਤਰਾ ਹੈ। ਤਜਵੀਜ਼ਤ ਫਲਾਈਓਵਰ ਲੀ ਕਾਰਬੂਜ਼ਿਏ ਦੀ ਇਮਾਰਤਸਾਜ਼ੀ ਦੀ ਉਲੰਘਣਾ ਹੈ। ਫਲਾਈਓਵਰ ਬਣਾਉਣ ਸਮੇਂ ਰੁੱਖਾਂ ਦਾ ਹੋਣ ਵਾਲਾ ਵਢਾਂਗਾ ਵੀ ਵਾਤਾਵਰਨ ਲਈ ਖ਼ਤਰਾ ਹੈ। ਇਸੇ ਤਰ੍ਹਾਂ ਸ਼ਹਿਰ ਦੇ ਹੋਰ ਵੀ ਵਾਤਾਵਰਨ ਪ੍ਰੇਮੀਆਂ ਨੇ ਚੰਡੀਗੜ੍ਹ ਦੀ ਵਿਰਾਸਤ ਖ਼ਤਮ ਹੋਣ ‘ਤੇ ਚਿੰਤਾ ਜ਼ਾਹਿਰ ਕੀਤੀ ਹੈ।
ਯੂ ਟੀ ਦੇ ਸ਼ਹਿਰੀ ਯੋਜਨਾ ਵਿਭਾਗ ਨੇ ਵੀ ਫਲਾਈਓਵਰ ਬਣਾਉਣ ‘ਤੇ ਇਤਰਾਜ਼ ਕੀਤਾ ਹੈ। 2031 ਦੀ ਮਾਸਟਰ ਪਲਾਨ ਲਈ ਚੀਫ ਇੰਜੀਨੀਅਰ ਨੂੰ ਜਾਰੀ ਹੋਏ ਪੱਤਰ ਵਿਚ ਸਾਫ ਲਿਖਿਆ ਗਿਆ ਹੈ ਕਿ ਸ਼ਹਿਰ ਦੀ ਵਿਰਾਸਤ ਨੂੰ ਧਿਆਨ ਵਿਚ ਰੱਖਦਿਆਂ ਕਿਸੇ ਵੀ ਫਲਾਈਓਵਰ ਜਾਂ ਓਵਰਬ੍ਰਿਜ ਬਣਾਉਣ ਦੀ ਸਿਫਾਰਿਸ਼ ਨਾ ਕੀਤੀ ਜਾਵੇ।