ਜਲਾਲਾਬਾਦ : ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਆਪਣੀਆਂ ਰੈਲੀਆਂ ਦੌਰਾਨ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਇੰਝ ਲਗਦਾ ਹੈ ਜਿਵੇਂ ਇਹ ਵਾਅਦਾ ਸਿਰਫ ਵਾਅਦਾ ਬਣ ਕੇ ਰਹਿ ਗਿਆ ਹੈ ਕਿਉਂਕਿ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲਗਾਤਾਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਇੱਥੇ ਹੀ ਬੱਸ ਨਹੀਂ ਉਨ੍ਹਾਂ ਵੱਲੋਂ ਆਤਮਦਾਹ ਦੀ ਧਮਕੀ ਵੀ ਦਿੱਤੀ ਗਈ ਸੀ।
ਇਸੇ ਮਾਹੌਲ ‘ਚ ਇੱਕ ਪਾਸੇ ਜਿੱਥੇ ਬੇਰੁਜ਼ਗਾਰ ਅਧਿਆਪਕ ਵਿਰੋਧ ਕਰ ਰਹੇ ਹਨ ਉੱਥੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਸਿੱਧ ਪੰਜਾਬੀ ਗਾਇਕ ਮੁਹੰਮਦ ਸਦੀਕ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ ਜਿਸ ਨੂੰ ਦੇਖ ਕੇ ਬੇਰੁਜ਼ਗਾਰਾਂ ਦੇ ਪੈਰਾਂ ਥੱਲੋਂ ਜ਼ਮੀਨ ਨਿੱਕਲ ਜਾਵੇਗੀ।
ਦਰਅਸਲ ਸਦੀਕ ਤੋਂ ਕਿਸੇ ਵਿਅਕਤੀ ਵੱਲੋਂ ਨੌਕਰੀਆਂ ਦੇਣ ਸਬੰਧੀ ਸਵਾਲ ਕੀਤਾ ਗਿਆ ਸੀ ਤਾਂ ਉਨ੍ਹਾਂ ਕਿਹਾ ਕਿ ਸਾਬਕਾ ਸਰਕਾਰ ਵੱਲੋਂ ਪੈਸੇ ਕੇਂਦਰ ਸਰਕਾਰ ਨੂੰ ਦੇ ਦਿੱਤੇ ਗਏ ਸਨ ਅਤੇ ਹੁਣ ਹਾਲਾਤ ਇਹ ਹਨ ਕਿ ਉਨ੍ਹਾਂ ਕੋਲ ਤਾਂ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਦੇ ਵੀ ਪੈਸੇ ਨਹੀਂ ਹਨ ਤਾਂ ਫਿਰ ਉਹ ਨਵੀਆਂ ਨੌਕਰੀਆਂ ਕਿੱਥੋਂ ਦੇਣਗੇ?
ਮੁਹੰਮਦ ਸਦੀਕ ਨੇ ਜਿਉਂ ਹੀ ਇੰਨੀ ਗੱਲ ਕਹੀ ਤਾਂ ਲੋਕਾਂ ਨੇ ਇਹ ਕਹਿੰਦਿਆਂ ਉਨ੍ਹਾਂ ਦਾ ਵਿਰੋਧ ਕੀਤਾ ਕਿ ਤੁਸੀਂ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਲਈ ਇਹ ਵਾਅਦਾ ਪੂਰਾ ਕਰੋ।