ਦਿੱਲੀ ਅੰਦਰ ਹੋਏ ਹਨ ਸਪੌਂਸਰ ਦੰਗੇ : ਭਗਵੰਤ ਮਾਨ

TeamGlobalPunjab
3 Min Read

ਨਵੀਂ ਦਿੱਲੀ : ਦਿੱਲੀ ਅੰਦਰ ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਬੀਤੇ ਦਿਨੀਂ ਹੋਈ ਹਿੰਸਾ ਦੀ ਲਗਭਗ ਸਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ। ਇਹ ਮੁੱਦਾ ਸੰਸਦ ਅੰਦਰ ਵੀ ਬੜੇ ਜੋਰ ਸ਼ੋਰ ਨਾਲ ਗੁੰਜਿਆ। ਇਸ ‘ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਮਾਨ ਨੇ ਕਿਹਾ ਕਿ ਸੰਸਦ ਵਿੱਚ ਅੱਜ ਕਾਂਗਰਸ ਭਾਜਪਾ ਦੇ ਰਾਜ ਦੌਰਾਨ ਹੋਏ ਦੰਗੇ ਗਿਣਵਾ ਰਿਹਾ ਹੈ ਅਤੇ ਭਾਜਪਾ ਕਾਂਗਰਸ ਦੇ ਰਾਜ ਦੌਰਾਨ। ਉਨ੍ਹਾਂ ਕਿਹਾ ਕਿ ਦੰਗੇ ਚਾਹੇ ਕਿਸੇ ਵੀ ਸਰਕਾਰ ਦੌਰਾਨ ਕਿਉਂ ਨਾ ਹੋਣ ਪਰ ਇਸ ਵਿੱਚ ਮਰਦਾ ਇਨਸਾਨ ਹੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਕੁਝ ਦਿੱਲੀ ਅੰਦਰ ਹੋਇਆ ਉਸ ਨੂੰ ਸਾਰੇ ਦੇਸ਼ ਨੇ ਦੇਖਿਆ। ਮਾਨ ਨੇ ਇਸ ਮੌਕੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬੀਜੇਪੀ ਦੇ ਕਪਿਲ ਮਿਸ਼ਰਾ ਨੇ ਸ਼ਰੇਆਮ ਡੀਜੀਪੀ ਨੂੰ ਕਿਹਾ ਕਿ ਤੁਹਾਡੀ ਜਰੂਰਤ ਨਹੀਂ ਹੈ ਉਹ ਖੁਦ ਨਿਪਟ ਲੈਣਗੇ। ਮਾਨ ਨੇ ਕਿਹਾ ਕਿ ਉਸ ਮੌਕੇ ਮਿਸ਼ਰਾ ‘ਤੇ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਤਾਂ ਦਿੱਲੀ ਪੁਲਿਸ ਨੇ ਕਿਸੇ ਆਪ ਐਮਐਲਏ ‘ਤੇ ਝੂਠਾ ਮੁਕੱਦਮਾਂ ਕਰਨਾ ਹੁੰਦਾ ਹੈ ਤਾਂ ਇਹ ਜਾਂਦੀ ਹੈ ਪਰ ਉਸ ਸਮੇਂ ਇਹ ਪੁਲਿਸ ਕਿੱਥੇ ਸੀ। ਉਨ੍ਹਾਂ ਸਵਾਲ ਉਠਾਇਆ ਕਿ ਪੁਲਿਸ ਵੱਲੋਂ ਹੁਣ ਤੇਜ਼ੀ ਕਿਉਂ ਨਹੀਂ ਦਿਖਾਈ ਗਈ। ਮਾਨ ਨੇ ਦੋਸ਼ ਲਾਇਆ ਕਿ 84 ‘ਚ ਹੋਏ ਦੰਗਿਆਂ ‘ਚ ਫੌਜ ਨਹੀਂ ਮੌਕੇ ‘ਤੇ ਪਹੁੰਚੀ ਸੀ ਤੇ ਹੁਣ ਪੁਲਿਸ ਨਹੀਂ ਪਹੁੰਚੀ।

ਭਗਵੰਤ ਮਾਨ ਨੇ ਕਿਹਾ ਕਿ ਇਸ ਦੌਰਾਨ ਹਿੰਦੂਆਂ ਦੀ ਵੀ ਮੌਤ ਹੋਈ ਹੈ ਅਤੇ ਮੁਸਲਮਾਨਾਂ ਦੀ ਵੀ। ਮਾਨ ਨੇ ਕਿਹਾ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਵਿਕਾਸ ਦੇ ਕੰਮਾਂ ਦੇ ਨਾ ‘ਤੇ ਲੋਕਾਂ ਨੂੰ ਵੋਟ ਲਈ ਅਪੀਲ ਕੀਤੀ ਪਰ ਇਹ ਲੋਕ ਕਹਿ ਰਹੇ ਸਨ ‘ਗੋਲੀ ਮਾਰੋ ਸਾਲ੍ਹੋਂ ਕੋ’ ਕੋਈ ਅੱਤਵਾਦੀ ਕਹਿ ਰਿਹਾ ਸੀ ਤੇ ਕਪਿਲ ਮਿਸ਼ਰਾ ਕਹਿ ਰਹੇ ਸਨ ਕਿ ਇਹ ਭਾਰਤ ਅਤੇ ਪਾਕਿਸਤਾਨ ਦੀ ਜੰਗ ਹੈ। ਮਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਕਹਿ ਰਹੇ ਹਨ ਕਿ ਬਟਨ ਇੰਨੀ ਜੋਰ ਨਾਲ ਦਬਾਓ ਕਿ ਕਰੰਟ ਸ਼ਾਹੀਨ ਬਾਗ ਤੱਕ ਜਾਵੇ ਪਰ ਉਹ ਇਹ ਕਹਿ ਸਕਦੇ ਸਨ ਕਿ ਕਰੰਟ ਆਮ ਆਦਮੀ ਪਾਰਟੀ ਨੂੰ ਲੱਗੇ ਜਾਂ ਫਿਰ ਕਾਂਗਰਸ ਨੂੰ ਲੱਗੇ। ਉਨ੍ਹਾਂ ਨੇ ਦਿੱਲੀ ਅੰਦਰ ਹੋਏ ਦੰਗਿਆਂ ਨੂੰ ਸਪੌਂਸਰ ਦੰਗੇ ਗਰਦਾਨ ਦਿੱਤਾ।

Share this Article
Leave a comment