ਬਾਦਲਾਂ ਤੇ ਕੈਪਟਨ ਦੇ ਖੋਲ੍ਹ ‘ਤੇ ਅੰਦਰਲੇ ਭੇਤ! ਪੰਜਾਬ ਦੇ ਲੋਕ ਵੀ ਸੁਣਕੇ ਰਹਿ ਗਏ ਹੈਰਾਨ!
ਮਾਨਸਾ : ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਆਖਰੀ ਪੜਾਅ ਵੱਲ ਪਹੁੰਚ ਰਿਹਾ ਹੈ। ਇਨ੍ਹਾਂ ਦਿਨਾਂ ‘ਚ ਪਾਰਟੀਆਂ ਦੇ ਵੱਡੇ ਲੀਡਰ ਵੀ ਮੈਦਾਨ ‘ਚ ਉੱਤਰੇ ਹੋਏ ਹਨ। ਇਸੇ ਮਾਹੌਲ ‘ਚ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਿਸੇ ਗੱਲੋਂ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਵੀ ਚੋਣਾਂ ਦੇ ਮੱਦੇ ਨਜ਼ਰ ਪੰਜਾਬ ‘ਚ ਡੇਰੇ ਲਗਾ ਲਏ ਹਨ ਅਤੇ ਆਪਣੇ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ‘ਚ ਰੁੱਝ ਗਏ ਹਨ। ਆਪਣੀਆਂ ਚੋਣ ਰੈਲੀਆਂ ‘ਚ ਉਨ੍ਹਾਂ ਵੱਲੋਂ ਦਿੱਲੀ ‘ਚ ਕੀਤੇ ਕੰਮਾਂ ਦਾ ਰਾਗ ਵੀ ਪੂਰੇ ਜੋਰਾਂ-ਸ਼ੋਰਾਂ ਨਾਲ ਗਾਇਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਪ੍ਰੋ: ਬਲਜਿੰਦਰ ਕੌਰ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਬੀਤੇ ਕੱਲ੍ਹ ਯਾਨੀਕਿ ਬੁੱਧਵਾਰ ਨੂੰ ਬਲਜਿੰਦਰ ਕੌਰ ਦੇ ਹੱਕ ਚੋਣ ਪ੍ਰਚਾਰ ਕਰਨ ਲਈ ਕੇਜਰੀਵਾਲ ਵੀ ਪਹੁੰਚੇ। ਇੱਥੇ ਉਨ੍ਹਾਂ ਜਿੱਥੇ ਆਪਣੇ ਕੀਤੇ ਹੋਏ ਕੰਮਾਂ ਦੀ ਵਿਡਿਆਈ ਕੀਤੀ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ‘ਤੇ ਵੀ ਵੱਡਾ ਹਮਲਾ ਬੋਲਿਆ। ਕੇਜਰੀਵਾਲ ਨੇ ਕਿਹਾ ਬਠਿੰਡਾ ਤੇ ਪਟਿਆਲਾ ਲੋਕ ਸਭਾ ਸੀਟਾਂ ਤੋਂ ਦੋਨਾਂ ਦੀ ਸਹਿਮਤੀ ਬਣੀ ਹੋਈ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਜਿੱਤਾਉਣ ‘ਚ ਲੱਗੇ ਹੋਏ ਹਨ।
ਅਰਵਿੰਦ ਕੇਜਰੀਵਾਲ ਨੇ ਬੋਲਦਿਆਂ ਕਿਹਾ ਕਿ, “ਕੈਪਟਨ ਸਾਬ੍ਹ ਕਹਿੰਦੇ ਹਨ, ਕਿ ਤੂੰ ਮੇਰੀ ਘਰਵਾਲੀ ਨੂੰ ਜਿਤਾ ਦੇ ਪਟਿਆਲੇ ਤੋਂ ਮੈਂ ਤੇਰੀ ਘਰਵਾਲੀ ਨੂੰ ਜਿਤਾ ਦਊਂ ਬਠਿੰਡਾ ਤੋਂ।” ਇੱਥੇ ਹੀ ਉਨ੍ਹਾਂ ਆਪਣੀ ਜਿੱਤ ਦਾ ਵੀ ਪੱਕਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੋਕ ਕਹਿ ਰਹੇ ਹਨ ਕਿ ਕੇਵਲ ਬਲਜਿੰਦਰ ਕੌਰ ਲੋਕਲ ਉਮੀਦਵਾਰ ਹੈ ਬਾਕੀ ਦੋਨੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ ਰਾਜਾ ਵੜਿੰਗ ਇੱਥੇ ਨਹੀਂ ਰਹਿੰਦੇ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਇੱਥੇ ਨਹੀਂ ਰਹਿੰਦੇ ਉਹ ਤਾਂ ਦਿੱਲੀ ਰਹਿੰਦੇ ਹਨ ਤੇ ਰਾਜਾ ਵੜਿੰਗ ਵੀ ਇੱਥੋਂ ਦੇ ਨਹੀਂ ਹਨ ਅਜਿਹੇ ਵਿੱਚ ਲੋਕ ਕੰਮ ਕਰਵਾਉਣ ਕਿਸ ਕੋਲ ਜਾਣਗੇ? ਇਸ ਲਈ ਬਲਜਿੰਦਰ ਕੌਰ ਦੀ ਜਿੱਤ ਪੱਕੀ ਹੈ।
ਦੱਸ ਦਈਏ ਕਿ ਪਿਛਲੀਆਂ ਲੋਕ ਸਭਾ ਚੋਣਾਂ ‘ਚ ‘ਆਪ’ ਨੇ ਪੰਜਾਬ ‘ਚੋਂ 4 ਲੋਕ ਸਭਾ ਸੀਟਾਂ ਤੋਂ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਵੀ ‘ਆਪ’ ਆਸ ਲਗਾ ਰਹੀ ਹੈ, ਕਿ ਪੰਜਾਬ ਦੇ ਲੋਕ ਉਨ੍ਹਾਂ ਦੇ ਉਮੀਦਵਾਰਾਂ ਨੂੰ ਜਿੱਤ ਦਿਵਾਉਣਗੇ, ਪਰ ਇਹ ਤਾਂ ਪੰਜਾਬ ਦੇ ਲੋਕ ਹੀ ਦੱਸਣਗੇ ਕਿ, ਉਹ ਆਮ ਆਦਮੀ ਪਾਰਟੀ ਦਾ ਕਿੰਨਾ ਸਾਥ ਦਿੰਦੇ ਹਨ?