ਬਠਿੰਡਾ : ਬਠਿੰਡਾ ਲੋਕ ਸਭਾ ਸੀਟ ਇਸ ਵਾਰ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਇਸ ਸੀਟ ਤੋਂ ਵੱਡੇ ਲੀਡਰ ਆਪਣੀ ਕਿਸਮਤ ਅਜਮਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਇੱਥੋਂ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ, ਉੱਥੇ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਭਰੋਸਾ ਜਤਾਇਆ ਹੈ। ਇਸੇ ਤਰ੍ਹਾਂ ਪੰਜਾਬ ਜਮਹੂਰੀ ਗੱਠਜੋੜ (ਪੀਡੀਓ) ਵੱਲੋਂ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਵੱਲੋਂ ਬੀਬੀ ਬਲਜਿੰਦਰ ਕੌਰ ਇਸ ਹਲਕੇ ਤੋਂ ਆਪਣੀ ਕਿਸਮਤ ਅਜਮਾ ਰਹੇ ਹਨ। ਅਜਿਹੇ ਵਿੱਚ ਮੁਕਾਬਲਾ ਸਖਤ ਹੋਣਾ ਤੈਅ ਹੈ। ਇੱਕ ਇੱਕ ਵੋਟ ਨੂੰ ਹਰ ਪਾਰਟੀ ਖਿੱਚਣ ਲਈ ਪੂਰਾ ਜੋਰ ਲਾ ਰਹੀ ਹੈ। ਇਹੋ ਕਾਰਨ ਹੈ ਕਿ ਸਾਰੀਆਂ ਹੀ ਪਾਰਟੀਆਂ ਦੇ ਆਗੂ ਇੱਕ ਦੂਜੇ ‘ਤੇ ਤਿੱਖੇ ਹਮਲੇ ਕਰਨੋ ਵੀ ਬਾਜ ਨਹੀਂ ਆ ਰਹੇ। ਅਜਿਹੇ ਵਿੱਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਤਾਂ ਹੋਰ ਵੀ ਹਮਲਾਵਰ ਹੁੰਦੇ ਦਿਖਾਈ ਦੇ ਰਹੇ ਹਨ। ਵੜਿੰਗ ਬਾਦਲਾਂ ਦੇ ਗੜ੍ਹ ਮੰਨੇ ਜਾਂਦੇ ਇਸ ਹਲਕੇ ‘ਚ ਜਾ ਕੇ ਸ਼ਰੇਆਮ ਅਕਾਲੀਆਂ ਨੂੰ ਲਲਕਾਰ ਰਹੇ ਹਨ। ਜਿਨ੍ਹਾਂ ਦਾ ਕਹਿਣਾ ਹੈ, ਕਿ ਬਠਿੰਡਾ ਸੀਟ ‘ਤੇ ਸਾਰੇ ਬਾਦਲ ਪਰਿਵਾਰ ਜ਼ੋਰ ਲੱਗਿਆ ਹੋਇਆ ਹੈ, ਪਰ ਲੋਕ ਇਸ ਵਾਰ ਆਪਣਾ ਮਨ ਬਦਲ ਚੁੱਕੇ ਹਨ। ਜੇਕਰ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਕਹਿ ਲਈਏ ਤਾਂ, “ਉਨ੍ਹਾਂ ਦਾ ਮੱਥਾ ਵੱਡੇ ਸਰਮਾਏਦਾਰਾਂ ਨਾਲ ਲੱਗਿਆ ਹੈ ਜਿਨ੍ਹਾਂ ਨੂੰ (ਬਾਦਲਾਂ ਨੂੰ) ਪੈਸੇ ਦਾ ਗਰੂਰ ਹੈ, ਪਰ ਮੈਨੂੰ ਆਮ ਲੋਕਾਂ ਦਾ ਗਰੂਰ।” ਵੜਿੰਗ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਹ ਲੋਕ ਉਸ ਨੂੰ ਇੱਕ ਵਾਰ ਜਿਤਾ ਦਿੰਦੇ ਹਨ ਤਾਂ ਉਸ ਤੋਂ ਬਾਅਦ ਉਹ(ਵੜਿੰਗ) ਉਨ੍ਹਾਂ ਲੋਕਾਂ ਦੀ ਜੋੜੇ ਝਾੜ ਝਾੜ ਕੇ ਸੇਵਾ ਕਰੇਗਾ।
ਇੱਥੇ ਇੱਕ ਵਾਰ ਤਾਂ ਰਾਜਾ ਵੜਿੰਗ ਨੇ ਇਹ ਵੀ ਕਹਿ ਦਿੱਤਾ, ਕਿ ਉਹ ਲੋਕ ਉਸ ਨੂੰ ਸਿਰਫ ਇੱਕ ਵਾਰ ਜਿਤਾ ਦੇਣ, ਫਿਰ ਭਾਵੇਂ ਉਸ ਤੋਂ ਗੋਹਾ-ਕੂੜਾ ਕਰਵਾ ਲੈਣ। ਉਨ੍ਹਾਂ ਕਿਹਾ ਕਿ ਉਹ ਜ਼ਮੀਨੀ ਪੱਧਰ ਤੋਂ ਉਠ ਕੇ ਗਏ ਹਨ, ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਲੋਕਾਂ ਦਾ ਘਰਾਂ ‘ਚ ਗੁਜਾਰਾ ਕਿਵੇਂ ਹੁੰਦਾ ਹੈ। ਇੱਥੇ ਵੜਿੰਗ ਬੀਬੀ ਹਰਸਿਮਰਤ ਕੌਰ ਬਾਦਲ ਦੀ ਵੀ ਖਿਚਾਈ ਕਰਨੋਂ ਨਹੀਂ ਖੁੰਝੇ ਤੇ ਉਨ੍ਹਾਂ ਕਿਹਾ ਕਿ “ਇਸ ਮਹਾਰਾਣੀ ਨੂੰ ਕੀ ਪਤਾ ਹੈ, ਜਿਹੜੀ ਕਿ ਮਜੀਠੀਏ ਦੀ ਭੈਣ ਹੈ?” ਉਨ੍ਹਾਂ ਦੋਸ਼ ਲਾਇਆ ਕਿ ਬਿਕਰਮ ਸਿੰਘ ਮਜੀਠੀਆ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਨੇ ਜਨਰਲ ਡਾਇਰ ਦੀ ਰੋਟੀ ਕੀਤੀ ਸੀ, ਅਤੇ ਉਹ ਡਾਇਰ ਵਰਗੇ ਉਨ੍ਹਾਂ ਅੰਗਰੇਜਾ ਦਾ ਪਿੱਠੂ ਸੀ ਜਿੰਨਾਂ ਨੇ ਜੱਲ੍ਹਿਆਂਵਾਲੇ ਬਾਗ ‘ਚ ਹਜ਼ਾਰਾਂ ਲੋਕਾਂ ਨੂੰ ਮਾਰ ਮੁਕਾਇਆ ਸੀ, ਤੇ ਇਹ(ਹਰਸਿਮਰਤ) ਉਸ ਖਾਨਦਾਨ ਦੀ ਪੋਤੀ ਹੈ।
https://youtu.be/ln1MQDeccGo