ਚੰਡੀਗੜ੍ਹ: ਸਿੱਖ ਧਰਮ ਦੀ ਵੱਖਰੀ ਪਛਾਣ ਦੁਨੀਆਂ ਵਿੱਚ ਸਥਾਪਿਤ ਕਰਨ ਲਈ ਸਿੱਖਾਂ ਨੂੰ ਸਮੇਂ ਸਮੇਂ ‘ਤੇ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਲੜਾਈ ਲੜਨੀ ਪੈਂਦੀ ਹੈ, ਪੂਰੀ ਦੁਨੀਆਂ ਵਿੱਚ ਇਹ ਲੜਾਈ ਲੜ ਕੇ ਸਿੱਖੀ ਨੂੰ ਵੱਖਰੀ ਪਛਾਣ ਕਦੋਂ ਦੁਵਾਈ ਜਾ ਸਕੇਗੀ ਇਹ ਤਾਂ ਕਹਿਣਾ ਅਜੇ ਮੁਸ਼ਕਲ ਹੈ, ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਸਿੱਖਾਂ ਨਾਲ ਉਨ੍ਹਾਂ ਦੇ ਆਪਣੇ ਦੇਸ਼ ਹਿੰਦੁਸਤਾਨ ਵਿੱਚ ਘਟਦੀਆਂ ਰਹਿੰਦੀਆਂ ਹਨ ਉਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਵੀਰੋ ਪਹਿਲਾਂ ਆਪਣਾ ਘਰ ਮਜ਼ਬੂਤ ਕਰ ਲਵੋ, ਫਿਰ ਦੁਨੀਆਂ ਨੂੰ ਸਮਝਾਇਓ ਕਿ ਸਿੱਖ ਇੱਕ ਵੱਖਰੀ ਕੌਮ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸਮੇਂ ਸਮੇਂ ‘ਤੇ ਹਿੰਦੁਸਤਾਨ ਅੰਦਰ ਹੀ ਸਰਕਾਰਾਂ ਅਜਿਹੇ ਫੈਸਲੇ ਲੈ ਲੈਂਦੀਆਂ ਹਨ ਕਿ ਸਿੱਖੀ ਦੀ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਜਾਂਦਾ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਹਰਿਆਣਾ ਵਿੱਚ ਹੁਣੇ ਹੁਣੇ ਸਾਹਮਣੇ ਆਇਆ ਹੈ, ਜਿੱਥੇ ਹਰਿਆਣਾ ‘ਚ ਸਿਵਲ ਸੇਵਾਵਾਂ ਦੀ ਭਲਕੇ 31 ਮਾਰਚ ਨੂੰ ਹੋਣ ਵਾਲੀ ਪ੍ਰੀਖਿਆ ਮੌਕੇ ਪ੍ਰੀਖਿਆ ਕੇਂਦਰਾਂ ਵਿੱਚ ਸਿੱਖੀ ਕਕਾਰਾਂ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਜਿਸ ਖ਼ਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਐਸਜੀਪੀਸੀ ਮੁਤਾਬਕ ਹਰਿਆਣਾ ‘ਚ ਸਿਵਲ ਸਰਵਿਸ ਪ੍ਰੀਖਿਆ ਕੇਂਦਰ ਵਿੱਚ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ‘ਤੇ ਕਕਾਰ ‘ਤੇ ਪਾ ਕੇ ਆਉਣ ‘ਤੇ ਲਾਈ ਪਾਬੰਦੀ ਸਿੱਖੀ ਸਿਧਾਂਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਪ੍ਰੀਖਿਆ ਕੇਂਦਰ ਵਿੱਚ ਕਕਾਰਾਂ ‘ਤੇ ਪਾਬੰਦੀ ਲਾਉਣ ਵਾਲੇ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਦੀ ਵਿਸਾਖੀ ਨੂੰ ਅੰਮ੍ਰਿਤ ਪਾਨ ਕਰਵਾ ਕੇ ਆਪਣੇ ਖਾਲਸੇ ਨੂੰ ਪੰਜਾਂ ਕਕਾਰਾਂ ਕਛਿਹਰਾ, ਕੜ੍ਹਾ, ਕ੍ਰਿਪਾਨ, ਕੰਘਾ ਤੇ ਕੇਸਾਂ ਦਾ ਧਾਰਨੀ ਹੋਣ ਲਈ ਪ੍ਰੇਰਿਆ ਗਿਆ ਸੀ, ਜੋ ਉਹ ਆਪਣੇ ਸਰੀਰ ਤੋਂ ਕਦੇ ਵੀ ਵੱਖ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜਾਂ ਕਕਾਰਾਂ ਵਿਚੋਂ ਕ੍ਰਿਪਾਨ ਤੇ ਕੜਾ ਵੀ ਮੈਟਲ ਦਾ ਬਣਿਆ ਹੁੰਦਾ ਹੈ, ਜੋ ਸਿੱਖ ਕੋਡ ਆਫ਼ ਕੰਡਕਟ (ਰਹਿਤ ਮਰਯਾਦਾ) ਅਨੁਸਾਰ ਅਲੱਗ ਨਹੀਂ ਕੀਤਾ ਜਾ ਸਕਦਾ। ਦੱਸ ਦਈਏ ਕਿ ਹਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ ਬੀਤੀ 26 ਮਾਰਚ ਨੂੰ ਉਮੀਦਵਾਰਾਂ ਨੂੰ ਕੁਝ ਵਸਤਾਂ ਪ੍ਰੀਖਿਆ ਕੇਂਦਰਾਂ ਵਿੱਚ ਨਾ ਲਿਆਉਣ ਜਾਂ ਪਹਿਨ ਕੇ ਆਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ ਨਵ-ਵਿਆਹੀਆਂ ਦੇ ਚੂੜੇ, ਗਹਿਣੇ ਆਦਿ ਤੋਂ ਲੈਕੇ ਕਿਸੇ ਵੀ ਕਿਸਮ ਦੇ ਧਾਰਮਿਕ ਚਿੰਨ੍ਹ ਨੂੰ ਨਾ ਧਾਰਨ ਕਰਨ ਲਈ ਵੀ ਕਿਹਾ ਗਿਆ ਹੈ।