ਟੋਰਾਂਟੋ: ਕੈਨੇਡਾ ਸਰਕਾਰ ਆਪਣੇ ਨਾਗਰਿਕਾਂ ਨੂੰ ਜਲਦ ਹੀ ਵਾਧੂ ਵਿੱਤੀ ਸਹਾਇਤਾ ਦੇਣ ਜਾ ਰਹੀ ਹੈ। ਇਹ ਰਕਮ GST/HST ਕਰੈਡਿਟ ਦੇ ਇੱਕ ਵਾਧੂ ਭੁਗਤਾਨ ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਸ ਤੋਂ ਬਾਅਦ ਜੁਲਾਈ ਤੋਂ ਨਵਾਂ “ਕੈਨੇਡਾ ਗ੍ਰੋਸਰੀਜ਼ ਐਂਡ ਐਸੈਂਸ਼ਲਜ਼ ਬੈਨੀਫਿਟ” (CGEB) ਲਾਗੂ ਹੋਵੇਗਾ, ਜੋ ਮੌਜੂਦਾ GST/HST ਕਰੈਡਿਟ ਦੀ ਥਾਂ ਲਵੇਗਾ।
ਨਵੇਂ ਬੈਨੇਫਿਟ ਤੋਂ ਪਹਿਲਾਂ ਮਿਲੇਗਾ ਟਾਪ-ਅੱਪ
ਜਨਵਰੀ ਵਿੱਚ ਐਲਾਨੇ ਗਏ CGEB ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 1.2 ਕਰੋੜ ਤੋਂ ਵੱਧ ਕੈਨੇਡੀਅਨਾਂ ਲਈ ਰੋਜ਼ਾਨਾ ਲੋੜਾਂ, ਖ਼ਾਸ ਕਰਕੇ ਖਾਣ-ਪੀਣ ਦੇ ਖਰਚੇ ਸੰਭਾਲਣ ਵਿੱਚ ਮਦਦ ਵਜੋਂ ਪੇਸ਼ ਕੀਤਾ ਸੀ। ਇਹ ਪ੍ਰੋਗਰਾਮ GST ਭੁਗਤਾਨ ਦੀ ਤਰ੍ਹਾਂ ਹੀ ਕੰਮ ਕਰੇਗਾ, ਪਰ ਇਸ ਅਧੀਨ ਤਿਮਾਹੀ ਭੁਗਤਾਨ GST ਨਾਲੋਂ 25 ਫੀਸਦੀ ਵੱਧ ਹੋਣਗੇ ਅਤੇ ਇਹ ਵਾਧਾ ਪੰਜ ਸਾਲਾਂ ਲਈ ਜਾਰੀ ਰਹੇਗਾ।
ਇਸ ਨਵੇਂ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ, ਯੋਗ ਵਿਅਕਤੀਆਂ ਅਤੇ ਪਰਿਵਾਰਾਂ ਨੂੰ 5 ਜੂਨ ਤੋਂ GST ਟਾਪ-ਅੱਪ ਭੁਗਤਾਨ ਮਿਲਣਾ ਸ਼ੁਰੂ ਹੋਵੇਗਾ। CRA ਅਨੁਸਾਰ ਇਹ ਰਕਮ ਜੁਲਾਈ 2025 ਤੋਂ ਜੂਨ 2026 ਤੱਕ ਦੇ ਸਾਲਾਨਾ GST ਕਰੈਡਿਟ ਦੀ ਕੁੱਲ ਰਕਮ ਦਾ 50 ਫੀਸਦੀ ਹੋਵੇਗੀ, ਬਸ਼ਰਤੇ ਸੰਬੰਧਤ ਵਿਅਕਤੀ ਜਾਂ ਪਰਿਵਾਰ ਜਨਵਰੀ 2026 ਵਿੱਚ GST ਕਰੈਡਿਟ ਲਈ ਯੋਗ ਹੋਵੇ।
ਕੌਣ ਹੈ ਯੋਗ ਅਤੇ ਕਿੰਨੀ ਮਿਲ ਸਕਦੀ ਹੈ ਰਕਮ?
ਜੇ ਕਿਸੇ ਵਿਅਕਤੀ ਦਾ ਸਾਲਾਨਾ GST ਕਰੈਡਿਟ 400 ਡਾਲਰ ਸੀ ਤਾਂ ਉਸਨੂੰ 200 ਡਾਲਰ ਦਾ ਵਾਧੂ ਟਾਪ-ਅੱਪ ਮਿਲੇਗਾ। ਭੁਗਤਾਨ ਦੀ ਰਕਮ ਪਰਿਵਾਰ ਵਿੱਚ ਬੱਚਿਆਂ ਦੀ ਗਿਣਤੀ ਅਤੇ 2024 ਦੀ ਟੈਕਸ ਰਿਟਰਨ ਵਿੱਚ ਦਰਸਾਈ ਗਈ ਸ਼ੁੱਧ ਆਮਦਨ ਦੇ ਆਧਾਰ ’ਤੇ ਨਿਰਧਾਰਤ ਹੋਵੇਗੀ।
ਯੋਗਤਾ ਲਈ 2024 ਦੀ ਟੈਕਸ ਰਿਟਰਨ ਭਰੀ ਹੋਣੀ ਲਾਜ਼ਮੀ ਹੈ ਅਤੇ ਆਮਦਨ ਨਿਰਧਾਰਤ ਹੱਦਾਂ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਵਿਅਕਤੀ ਦੀ ਉਮਰ ਘੱਟੋ-ਘੱਟ 19 ਸਾਲ ਹੋਵੇ ਅਤੇ ਉਹ ਟੈਕਸ ਮਕਸਦਾਂ ਲਈ ਕੈਨੇਡਾ ਦਾ ਨਿਵਾਸੀ ਹੋਵੇ।
CRA ਮੁਤਾਬਕ ਬਿਨਾਂ ਬੱਚਿਆਂ ਵਾਲੇ ਇਕੱਲੇ ਵਿਅਕਤੀ ਲਈ ਵੱਧ ਤੋਂ ਵੱਧ ਆਮਦਨ ਸੀਮਾ 56,181 ਡਾਲਰ ਹੈ, ਜੋ ਬੱਚਿਆਂ ਦੀ ਗਿਣਤੀ ਵਧਣ ਨਾਲ ਵਧਦੀ ਜਾਂਦੀ ਹੈ। ਯੋਗ ਇਕੱਲੇ ਵਿਅਕਤੀਆਂ ਨੂੰ ਵੱਧ ਤੋਂ ਵੱਧ 267 ਡਾਲਰ ਤੋਂ 717 ਡਾਲਰ ਤੱਕ ਮਿਲ ਸਕਦੇ ਹਨ, ਜਦਕਿ ਯੋਗ ਵਿਆਹੇ ਜਾਂ ਕਾਮਨ-ਲਾਅ ਜੋੜਿਆਂ ਨੂੰ 349 ਡਾਲਰ ਤੋਂ 717 ਡਾਲਰ ਤੱਕ ਦੀ ਰਕਮ ਮਿਲ ਸਕਦੀ ਹੈ। ਸਾਂਝੀ ਕਸਟਡੀ ਵਾਲੇ ਮਾਮਲਿਆਂ ਵਿੱਚ ਬੱਚਿਆਂ ਲਈ ਮਿਲਣ ਵਾਲੀ ਰਕਮ ਦੋਵੇਂ ਮਾਪਿਆਂ ਵਿੱਚ ਵੰਡੀ ਜਾ ਸਕਦੀ ਹੈ।
ਭੁਗਤਾਨ ਕਿਵੇਂ ਮਿਲੇਗਾ?
5 ਜੂਨ ਤੋਂ ਭੁਗਤਾਨ ਜਾਰੀ ਹੋਣੇ ਸ਼ੁਰੂ ਹੋ ਜਾਣਗੇ ਅਤੇ ਸ਼ੁਰੂਆਤੀ ਤੌਰ ’ਤੇ ਇਹ GST/HST ਕਰੈਡਿਟ ਦੇ ਨਾਮ ਹੇਠ ਹੀ ਦਿਖਾਈ ਦੇਣਗੇ। ਜਿਨ੍ਹਾਂ ਲੋਕਾਂ ਨੇ CRA ਨਾਲ ਡਾਇਰੈਕਟ ਡਿਪਾਜ਼ਿਟ ਰਜਿਸਟਰ ਕੀਤਾ ਹੋਇਆ ਹੈ, ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਰਕਮ ਸਿੱਧੀ ਜਮ੍ਹਾ ਹੋ ਜਾਵੇਗੀ। ਹੋਰ ਲੋਕਾਂ ਨੂੰ ਕਾਗਜ਼ੀ ਚੈਕ ਡਾਕ ਰਾਹੀਂ ਭੇਜੇ ਜਾਣਗੇ।
ਜੇ ਕਿਸੇ ਨੂੰ ਭੁਗਤਾਨ ਨਹੀਂ ਮਿਲਦਾ ਤਾਂ ਇਸ ਦੇ ਕਾਰਨਾਂ ਵਿੱਚ 2024 ਦੀ ਟੈਕਸ ਰਿਟਰਨ ਨਾਂ ਭਰਨਾ, ਜਨਵਰੀ 2026 ਵਿੱਚ GST ਕਰੈਡਿਟ ਲਈ ਯੋਗ ਨਾ ਹੋਣਾ, ਪਰਿਵਾਰ ਵੱਲੋਂ ਭੁਗਤਾਨ ਪਹਿਲਾਂ ਹੀ ਪ੍ਰਾਪਤ ਹੋ ਜਾਣਾ ਜਾਂ CRA ਕੋਲ ਬਕਾਇਆ ਰਕਮ ਹੋਣ ਕਾਰਨ ਭੁਗਤਾਨ ਨੂੰ ਉਸ ਖਾਤੇ ਨਾਲ ਐਡਜਸਟ ਕਰ ਦਿੱਤਾ ਜਾਣਾ ਸ਼ਾਮਲ ਹੋ ਸਕਦਾ ਹੈ।

