ਸੋ ਰਹੇ ਲੋਕਾਂ ਦੇ ਘਰਾਂ ‘ਤੇ ਡਿੱਗਿਆ ਫੌਜੀ ਜਹਾਜ਼, 18 ਮੌਤਾਂ

TeamGlobalPunjab
2 Min Read

ਇਸਲਾਮਾਬਾਦ: ਪਾਕਿਸਤਾਨ ਦੇ ਰਾਵਲਪਿੰਡੀ ਦੇ ਰਿਹਾਇਸ਼ੀ ਇਲਾਕੇ ‘ਚ ਬੀਤੇ ਦਿਨੀਂ ਫੌਜ ਦਾ ਜਹਾਜ਼ ਕ੍ਰੈਸ਼ ਹੋ ਗਿਆ। ਇਸ ਘਟਨਾ ‘ਚ ਪੰਜ ਕਰੂ ਮੈਂਬਰਾਂ ਸਣੇ 18 ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਵੀ ਹੋਏ ਹਨ। ਮਰਨ ਵਾਲਿਆਂ ‘ਚ 12 ਆਮ ਨਾਗਰਿਕ ਸ਼ਾਮਲ ਸਨ। ਪ੍ਰਸਾਸ਼ਨ ਮੁਤਾਬਕ ਰਿਹਾਇਸ਼ੀ ਇਲਾਕੇ ‘ਚ ਹਾਦਸਾ ਹੋਣ ਨਾਲ ਜ਼ਿਆਦਾ ਨੁਕਸਾਨ ਹੋਇਆ ਹੈ। ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉੱਥੇ ਹੀ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।

ਸੈਨਾ ਨੇ ਦੱਸਿਆ ਕਿ ਹਾਦਸੇ ‘ਚ ਜਹਾਜ਼ ਦੇ ਦੋਵੇਂ ਪਾਈਲਟ ਵੀ ਮਾਰੇ ਗਏ। ਉਧਰ, ਰਾਵਲਪਿੰਡੀ ਦੇ ਹਸਪਤਾਲਾਂ ‘ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਪਾਕਿ ਸੈਨਾ ਦਾ ਕਹਿਣਾ ਹੈ ਕਿ ਇਹ ਜਹਾਜ਼ ਪ੍ਰੀਖਣ ਉਡਾਣ ‘ਤੇ ਸੀ। ਇਸੇ ਦੌਰਾਨ ਰਾਵਲਪਿੰਡੀ ਦੇ ਬਾਹਰੀ ਇਲਾਕੇ ‘ਚ ਸਥਿਤ ਮੋਰਾ ਕਾਲੂ ਪਿੰਡ ‘ਚ ਹਾਦਸਾਗ੍ਰਸਤ ਹੋ ਗਿਆ। ਉਧਰ ਸੈਨਾ ਨੇ ਘਟਨਾ ਵਾਲੀ ਥਾਂ ‘ਤੇ ਘੇਰਾਬੰਦੀ ਕਰ ਦਿੱਤੀ।

ਦੱਸ ਦੇਈਏ ਇਸ ਤੋਂ ਪਹਿਲਾਂ ਵੀ ਅਜਿਹਾ ਹੀ ਹਾਦਸਾ 2016 ‘ਚ ਵੀ ਹੋਇਆ ਸੀ ਜਿਸ ‘ਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਬਾਅਦ 2010 ‘ਚ ਪ੍ਰਾਈਵੇਟ ਜਹਾਜ਼ ਕੰਪਨੀ ਏਅਰਬਲੂ ਦੀ ਏਅਰਬਸ-321 ਕਰਾਚੀ ਤੋਂ ਉਡਾਣ ਭਰਨ ਤੋਂ ਬਾਅਦ ਇਸਲਾਮਾਬਾਦ ਦੇ ਪਹਾੜੀ ਇਲਾਕਿਆਂ ‘ਚ ਹਾਦਸਾਗ੍ਰਸਤ ਹੋ ਗਿਆ। ਇਸ ‘ਚ 152 ਲੋਕਾਂ ਦੀ ਮੌਤ ਹੋਈ ਸੀ।

Share this Article
Leave a comment