ਗ਼ੈਰ-ਕਾਨੂੰਨੀ ਢੰਗ ਨਾਲ 67 ਪਰਵਾਸੀਆਂ ਨੂੰ ਟਰੱਕ ‘ਚ ਲੈ ਕੇ ਜਾ ਰਿਹਾ ਡਰਾਈਵਰ ਗ੍ਰਿਫਤਾਰ

TeamGlobalPunjab
1 Min Read

ਟੈਕਸਾਸ : ਅਮਰੀਕਾ ਦੇ ਪੱਛਮੀ ਟੈਕਸਾਸ ਵਿੱਚ ਆਪਣੇ ਟਰੱਕ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ 67 ਪ੍ਰਵਾਸੀਆਂ ਨੂੰ ਲੁਕੋ ਕੇ ਲਿਜਾ ਰਹੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਬਿਗ ਬੈਂਡ ਇਲਾਕੇ ‘ਚ ਇੱਕ ਹਾਈਵੇਅ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇੱਕ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ ‘ਚੋਂ 67 ਤੋਂ ਵੱਧ ਪਰਵਾਸੀ ਮਿਲੇ।

ਟੈਕਸਾਸ ਦੇ ਇੱਕ ਅਟਾਰਨੀ ਵਲੋਂ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਕ, ਨਿਊ ਮੈਕਸੀਕੋ ਦੇ ਲਾਸ ਕਰੂਸ ਦੇ ਰਹਿਣ ਵਾਲੇ ਇੱਕ 22 ਸਾਲਾ ਟਰੱਕ ਡਰਾਈਵਰ ਜੇਵੀਅਰ ਡੁਆਰਟ ਨੂੰ ਪਰਵਾਸੀਆਂ ਅਤੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਦੇਸ਼ ‘ਚ ਮੁੜ ਦਾਖਲ ਕਰਨ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਬਿਆਨ ਮੁਤਾਬਕ, ਬਾਰਡਰ ਪੈਟਰੋਲ ਟੀਮ ਦੇ ਅਧਿਕਾਰੀਆਂ ਨੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿੱਚ 67 ਪਰਵਾਸੀ ਲੁਕੇ ਹੋਏ ਸਨ, ਜਿਨ੍ਹਾਂ ‘ਚੋਂ ਚਾਰ ਦੀ ਉਮਰ 8 ਤੋਂ 13 ਸਾਲ ਸੀ, ਜਦਕਿ 3 ਪਰਵਾਸੀ ਅਪਰਾਧਕ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਸਨ, ਜਿਨ੍ਹਾਂ ’ਤੇ ਬਲਾਤਕਾਰ ਤੇ ਨਸ਼ਾ ਤਸਕਰੀ ਆਦਿ ਦੇ ਦੋਸ਼ ਲੱਗੇ ਹੋਏ ਹਨ। 67 ਪ੍ਰਵਾਸੀਆਂ ਸਣੇ ਗ੍ਰਿਫ਼ਤਾਰ ਕੀਤੇ ਗਏ 22 ਸਾਲਾ ਟਰੱਕ ਡਰਾਈਵਰ ਜੇਵੀਅਰ ਡੁਆਰਟ ਜੇਕਰ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ 10 ਸਾਲ ਤੋਂ ਵੱਧ ਦੀ ਕੈਦ ਹੋ ਸਕਦੀ ਹੈ।

Share this Article
Leave a comment