ਜਸਟਿਨ ਟਰੂਡੋ ਦੀਆਂ ਪਰਿਵਾਰ ਸਣੇ ਛੁੱਟੀਆਂ ਵਿਵਾਦਾਂ ‘ਚ ਘਿਰੀਆਂ

Prabhjot Kaur
2 Min Read
A

ਟੋਰਾਂਟੋ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਰਿਵਾਰ ਸਣੇ ਛੁੱਟੀਆਂ ਮਨਾਉਣ ਦਾ ਇੱਕ ਹੋਰ ਮਾਮਲਾ ਵਿਵਾਦਾਂ ‘ਚ ਆ ਗਿਆ ਹੈ। ਇੱਕ ਰਿਪੋਰਟ ਮੁਤਾਬਕ ਮਹਿੰਗਾਈ ਨਾਲ ਜੂਝ ਰਹੇ ਕੈਨੇਡਾ ਵਾਸੀਆਂ ਦੀ ਪਰਵਾਹ ਕੀਤੇ ਬਗੈਰ ਜਸਟਿਨ ਟਰੂਡੋ ਨੇ ਨਵੇਂ ਸਾਲ ਦੀਆਂ ਛੁੱਟੀਆਂ ‘ਤੇ ਲੱਖਾਂ ਡਾਲਰ ਖਰਚ ਕਰ ਦਿੱਤੇ ਅਤੇ ਜਮਾਇਕਾ ਦੇ ਇੱਕ ਅਜਿਹੇ ਅਮੀਰ ਪਰਿਵਾਰ ਦੇ ਮਹਿਮਾਨ ਬਣੇ ਜਿਸ ਵੱਲੋਂ ਪਿਅਰੇ ਐਲੀਅਟ ਟਰੂਡੋ ਫਾਊਂਡੇਸ਼ਨ ਨੂੰ ਮੋਟੀ ਰਕਮ ਦਾਨ ਦਿੱਤੀ ਗਈ। ਰਿਪੋਰਟ ਮੁਤਾਬਕ ਭਾਵੇਂ ਜਸਟਿਨ ਟਰੂਡੋ ਦੇ ਜਮਾਇਕਾ ਦੌਰੇ ਨੂੰ ਐਥਿਕਸ ਕਮਿਸ਼ਨਰ ਵੱਲੋਂ ਹਰੀ ਝੰਡੀ ਦਿੱਤੀ ਗਈ ਸੀ, ਪਰ ਇਹ ਗੱਲ ਸੰਭਾਵਤ ਤੌਰ `ਤੇ ਕੋਈ ਨਹੀਂ ਸੀ ਜਾਣਦਾ ਕਿ ਪੀਟਰ ਗਰੀਨ ਦਾ ਪਰਿਵਾਰ ਪਿਅਰੇ ਐਲੀਅਟ ਫਾਊਂਡੇਸ਼ਨ ਦੇ ਦਾਨੀਆਂ ਦੀ ਸੂਚੀ ‘ਚ ਸ਼ਾਮਲ ਹੈ।

ਉੱਧਰ ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਨਹੀਂ ਦੱਸਿਆ ਕਿ ਕੀ ਜਸਟਿਨ ਟਰੂਡੋ ਨੇ ਆਪਣੀ ਰਿਹਾਇਸ਼ ਦਾ ਖਰਚਾ ਜਾਂ ਹੋਰ ਖਰਚੇ ਆਪਣੀ ਜੇਬ ‘ਚੋਂ ਕੀਤੇ? ਟਰੂਡੋ ਪਰਿਵਾਰ ਦਾ ਇਹ ਵਿਦੇਸ਼ ਦੌਰਾ 26 ਦਸੰਬਰ 2022 ਤੋਂ 4 ਜਨਵਰੀ 2023 ਤੱਕ ਰਿਹਾ। ਦੂਜੇ ਪਾਸੇ ਲਿਬਰਲ ਪਾਰਟੀ ਵਿੱਚ ਪ੍ਰਧਾਨ ਮੰਤਰੀ ਦੇ ਇਸ ਦੌਰੇ ਬਾਰੇ ਡੂੰਘੀਆਂ ਚਿੰਤਾਵਾਂ ਦੇਖਣ ਨੂੰ ਮਿਲ ਰਹੀਆਂ ਹਨ, ਕਿਉਂਕਿ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਵੱਡੀ ਗਿਣਤੀ ‘ਚ ਕੈਨੇਡੀਅਨ ਮਹਿੰਗਾਈ ਦੀ ਮਾਰ ਝੱਲ ਰਹੇ ਹਨ।

ਲਿਬਰਲ ਪਾਰਟੀ ਦੇ ਸੂਤਰਾਂ ਨੇ ਮੀਡੀਆ ਨਾਲ ਗੱਲਬਾਤ ‘ਚ ਕਿਹਾ ਕਿ ਸੰਭਾਵਤ ਤੌਰ ‘ਤੇ ਜਸਟਿਨ ਟਰੂਡੋ, ਕੰਜ਼ਰਵੇਟਿਵ ਪਾਰਟੀ ਤੋਂ ਪੈਦਾ ਹੋਏ ਖਤਰੇ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਵਿਰੋਧੀਆਂ ਨੂੰ ਤਿੱਖੇ ਵਾਰ ਕਰਨ ਦਾ ਖੁਦ ਹੀ ਮੌਕਾ ਦੇ ਦਿੱਤਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਦਫਤਰ ਦੀ ਤਰਜਮਾਨ ਐਨ ਕਲਾਰਾ ਵੈਲਨਕੋਰਟ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸਰਕਾਰੀ ਜਹਾਜ਼ ਵਰਤਣ ਦੇ ਇਵਜ਼ ‘ਚ ਕਮਰਸ਼ੀਅਲ ਫਲਾਈਟ ਦੀਆਂ ਟਿਕਟਾਂ ਦੇ ਬਰਾਬਰ ਰਕਮ ਅਦਾ ਕਰ ਦਿੱਤੀ ਹੈ, ਕਿਉਂਕਿ ਨਿਯਮਾਂ ਮੁਤਾਬਕ ਵਿਦੇਸ਼ ਜਾਣ ਲਈ ਟਰੂਡੋ ਪਰਿਵਾਰ ਨੂੰ ਸਰਕਾਰੀ ਜਹਾਜ਼ ‘ਚ ਸਫ਼ਰ ਕਰਨਾ ਪੈਂਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment