ਕੈਨੇਡਾ ‘ਚ ਵਰਕ ਪਰਮਿਟ ਵਾਲਿਆਂ ਨੂੰ ਰਾਹਤ ਤੇ ਪਨਾਹ ਮੰਗਣ ਵਾਲੇ ਲੋਕਾਂ ਨੂੰ ਵੱਡਾ ਝਟਕਾ!

Global Team
3 Min Read

ਓਟਵਾ: ਕੈਨੇਡਾ ਸਰਕਾਰ ਨੇ ਇੰਮੀਗ੍ਰੇਸ਼ਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ, ਖ਼ਾਸਕਰ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਦੂਜੇ ਪਾਸੇ, 1 ਮਈ ਤੋਂ ਸਿਹਤ ਸਹੂਲਤਾਂ ਦੇ ਨਿਯਮਾਂ ਵਿੱਚ ਕੀਤੇ ਬਦਲਾਅ ਨੇ ਅਸਾਇਲਮ ਮੰਗਣ ਵਾਲਿਆਂ ਦੀ ਚਿੰਤਾ ਵਧਾ ਦਿੱਤੀ ਹੈ।

ਵਰਕ ਪਰਮਿਟ ਐਕਸਟੈਨਸ਼ਨ

ਕੈਨੇਡਾ ਸਰਕਾਰ ਨੇ ਵਰਕ ਪਰਮਿਟ ਐਕਸਟੈਨਸ਼ਨ ਲੈਟਰਜ਼ (Work Permit Extension Letters) ਦੀ ਮਿਆਦ 180 ਦਿਨਾਂ ਤੋਂ ਵਧਾ ਕੇ 365 ਦਿਨ ਕਰ ਦਿੱਤੀ ਹੈ। ਇਹ ਨਿਯਮ ਉਨ੍ਹਾਂ ਲੋਕਾਂ ‘ਤੇ ਲਾਗੂ ਹੋਵੇਗਾ ਜਿਨ੍ਹਾਂ ਨੇ ਆਪਣਾ ਮੌਜੂਦਾ ਵਰਕ ਪਰਮਿਟ ਖ਼ਤਮ ਹੋਣ ਤੋਂ ਪਹਿਲਾਂ ਨਵੇਂ ਪਰਮਿਟ ਲਈ ਅਰਜ਼ੀ ਦਾਖ਼ਲ ਕਰ ਦਿੱਤੀ ਹੈ। ਅਰਜ਼ੀਆਂ ਦੇ ਬੈਕਲਾਗ (ਦੇਰੀ) ਕਾਰਨ ਹੁਣ ਬਿਨੈਕਾਰ ਆਪਣਾ ਪਰਮਿਟ ਖ਼ਤਮ ਹੋਣ ਦੇ ਬਾਵਜੂਦ ਇੱਕ ਸਾਲ ਤੱਕ ਕਾਨੂੰਨੀ ਤੌਰ ‘ਤੇ ਕੰਮ ਕਰ ਸਕਣਗੇ।

ਧਿਆਨ ਦੇਣ ਯੋਗ ਹੈ ਕਿ ਇਹ ਨਵਾਂ ਨਿਯਮ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ (PGWP) ਵਾਲਿਆਂ ‘ਤੇ ਲਾਗੂ ਨਹੀਂ ਹੋਵੇਗਾ, ਉਨ੍ਹਾਂ ਲਈ ਮਿਆਦ ਪਹਿਲਾਂ ਵਾਂਗ 180 ਦਿਨ ਹੀ ਰਹੇਗੀ। ਇੰਮੀਗ੍ਰੇਸ਼ਨ ਵਿਭਾਗ (IRCC) ਨੇ ਸਪੱਸ਼ਟ ਕੀਤਾ ਹੈ ਕਿ ਇਸ ਚਿੱਠੀ ਨੂੰ ਕੈਨੇਡਾ ਵਿੱਚ ਪੱਕੇ ਤੌਰ ‘ਤੇ ਰਹਿਣ ਦਾ ਹੱਕ ਨਾ ਸਮਝਿਆ ਜਾਵੇ।

ਅਸਾਇਲਮ ਮੰਗਣ ਵਾਲਿਆਂ ਲਈ ਸਿਹਤ ਸਹੂਲਤਾਂ ਹੁਣ ‘ਮੁਫ਼ਤ’ ਨਹੀਂ

1 ਮਈ 2026 ਤੋਂ ਲਾਗੂ ਹੋ ਰਹੇ ਅੰਤਰਮ ਫੈਡਰਲ ਹੈਲਥ ਪ੍ਰੋਗਰਾਮ (IFHP) ਤਹਿਤ ਹੁਣ ਸ਼ਰਨਾਰਥੀਆਂ ਜਾਂ ਅਸਾਇਲਮ ਮੰਗਣ ਵਾਲਿਆਂ ਨੂੰ ਸਿਹਤ ਸੇਵਾਵਾਂ ਲਈ ਆਪਣੀ ਜੇਬ ਵਿੱਚੋਂ ਖਰਚਾ ਕਰਨਾ ਪਵੇਗਾ।

ਡੈਂਟਲ ਕੇਅਰ, ਅੱਖਾਂ ਦੀ ਜਾਂਚ (ਵਿਜ਼ਨ ਕੇਅਰ), ਮਾਨਸਿਕ ਸਿਹਤ ਕੌਂਸਲਿੰਗ, ਫਿਜ਼ੀਓਥੈਰੇਪੀ ਅਤੇ ਹੋਮ ਕੇਅਰ ਵਰਗੀਆਂ ਸੇਵਾਵਾਂ ‘ਤੇ ਬਿਨੈਕਾਰ ਨੂੰ ਕੁੱਲ ਖਰਚੇ ਦਾ 30% ਖ਼ੁਦ ਦੇਣਾ ਹੋਵੇਗਾ। ਹਰ ਪਰਚੀ ‘ਤੇ ਦਵਾਈ ਲਿਖਵਾਉਣ ਲਈ 4 ਡਾਲਰ ਵੱਖਰੇ ਤੌਰ ‘ਤੇ ਅਦਾ ਕਰਨੇ ਹੋਣਗੇ। ਹਾਲਾਂਕਿ ਬੁਨਿਆਦੀ ਸਿਹਤ ਸੰਭਾਲ ‘ਤੇ ਇਹ ਸ਼ਰਤ ਲਾਗੂ ਨਹੀਂ ਹੈ, ਪਰ ਮਰੀਜ਼ਾਂ ਨੂੰ ਪਹਿਲਾਂ ਡਾਕਟਰ ਜਾਂ ਫਾਰਮੇਸੀ ਤੋਂ ਪੁੱਛਣਾ ਹੋਵੇਗਾ ਕਿ ਕੀ ਉਨ੍ਹਾਂ ਦੀ ਸੇਵਾ ‘ਸਾਂਝੀ ਅਦਾਇਗੀ’ ਅਧੀਨ ਆਉਂਦੀ ਹੈ ਜਾਂ ਨਹੀਂ।

ਸਰਕਾਰ ਦੀ ਸਲਾਹ

ਲਾਭਪਾਤਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣੀ ਅਦਾਇਗੀ ਦੀਆਂ ਸਾਰੀਆਂ ਰਸੀਦਾਂ ਸੰਭਾਲ ਕੇ ਰੱਖਣ। ਵਧੇਰੇ ਜਾਣਕਾਰੀ ਲਈ IFHP ਦੀ ਅਧਿਕਾਰਤ ਵੈੱਬਸਾਈਟ ‘ਤੇ ਵਿਜ਼ਿਟ ਕੀਤਾ ਜਾ ਸਕਦਾ ਹੈ। ਕਲੀਨਿਕਾਂ ਅਤੇ ਫਾਰਮੇਸੀਆਂ ਕੋਲ ਇਸ ਸਬੰਧੀ ਸੂਚੀ ਭੇਜ ਦਿੱਤੀ ਗਈ ਹੈ ਤਾਂ ਜੋ ਉਹ ਮਰੀਜ਼ਾਂ ਨੂੰ ਮੌਕੇ ‘ਤੇ ਜਾਣਕਾਰੀ ਦੇ ਸਕਣ। ਇਸ ਫੈਸਲੇ ਨਾਲ ਕੈਨੇਡਾ ਵਿੱਚ ਰਹਿ ਰਹੇ ਉਨ੍ਹਾਂ ਨਵੇਂ ਪ੍ਰਵਾਸੀਆਂ ‘ਤੇ ਆਰਥਿਕ ਬੋਝ ਵਧਣ ਦੀ ਉਮੀਦ ਹੈ ਜੋ ਅਜੇ ਆਪਣੀ ਸੈਟਲਮੈਂਟ ਦੇ ਸ਼ੁਰੂਆਤੀ ਦੌਰ ਵਿੱਚ ਹਨ।

Share This Article
Leave a Comment