ਨਵੀ ਦਿੱਲੀ : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਈਰਾਨੀ ਹਮਰੁਤਬਾ ਸਈਅਦ ਅੱਬਾਸ ਅਰਾਗਚੀ ਨਾਲ ਫੋਨ ‘ਤੇ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਦੀ ਇਹ ਗੱਲਬਾਤ ਪੱਛਮੀ ਏਸ਼ੀਆ ਦੇ ਸੰਕਟ, ਖਾਸ ਕਰਕੇ ਊਰਜਾ ਸਪਲਾਈ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦਰਮਿਆਨ ਹੋਈ ਹੈ। ਇਹ ਗੱਲਬਾਤ ਹੋਰਮੁਜ਼ ਜਲਡਮਰੂਮੱਧ ਦੀ ਪ੍ਰਭਾਵੀ ਨਾਕਾਬੰਦੀ ਦੇ ਵਿਚਕਾਰ ਭਾਰਤ ਦੀ ਊਰਜਾ ਸੁਰੱਖਿਆ ਨੂੰ ਸੁਰੱਖਿਅਤ ਰੱਖਣ ਦੇ ਰਣਨੀਤਕ ਯਤਨਾਂ ਦਾ ਹਿੱਸਾ ਹੈ।
ਈਰਾਨ ‘ਤੇ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਫੌਜੀ ਹਮਲੇ ਤੋਂ ਬਾਅਦ ਜੈਸ਼ੰਕਰ ਨੇ ਤੀਜੀ ਵਾਰ ਅਰਾਗਚੀ ਨਾਲ ਗੱਲ ਕੀਤੀ ਹੈ। ਇਸ ਸੰਬੰਧੀ ਜੈਸ਼ੰਕਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ, ‘ਅੱਜ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨਾਲ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਬਾਰੇ ਵਿਸਥਾਰਪੂਰਵਕ ਗੱਲਬਾਤ ਹੋਈ। ਅਸੀਂ ਸੰਪਰਕ ਵਿੱਚ ਰਹਿਣ ‘ਤੇ ਸਹਿਮਤ ਹੋਏ ਹਾਂ।’
ਈਰਾਨ ਵੱਲੋਂ ਹੋਰਮੁਜ਼ ਜਲਡਮਰੂਮੱਧ ਨੂੰ ਲਗਭਗ ਬੰਦ ਕਰਨ ਤੋਂ ਬਾਅਦ ਗਲੋਬਲ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਹੋਰਮੁਜ਼ ਜਲਡਮਰੂਮੱਧ, ਫ਼ਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਦੇ ਵਿਚਕਾਰ ਇੱਕ ਤੰਗ ਸ਼ਿਪਿੰਗ ਲੇਨ ਹੈ, ਜਿੱਥੋਂ ਵਿਸ਼ਵ ਦੇ ਤੇਲ ਅਤੇ ਐਲਐਨਜੀ (ਤਰਲ ਕੁਦਰਤੀ ਗੈਸ) ਦਾ ਲਗਭਗ 20 ਫੀਸਦੀ ਵਪਾਰ ਹੁੰਦਾ ਹੈ। ਜੈਸ਼ੰਕਰ ਨੇ ਅਰਾਗਚੀ ਨੂੰ ਈਰਾਨ ਅਤੇ ਖੇਤਰ ਵਿੱਚ ਹੋ ਰਹੀਆਂ ਘਟਨਾਵਾਂ ‘ਤੇ ਭਾਰਤ ਦੀ ਡੂੰਘੀ ਚਿੰਤਾ ਤੋਂ ਜਾਣੂ ਕਰਵਾਇਆ।
ਇਸ ਤੋਂ ਪਹਿਲਾਂ, ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਜਰਮਨੀ ਅਤੇ ਦੱਖਣੀ ਕੋਰੀਆ ਦੇ ਆਪਣੇ ਹਮਰੁਤਬਾ ਨਾਲ ਫੋਨ ‘ਤੇ ਗੱਲਬਾਤ ਕੀਤੀ। ਭਾਰਤ ਪੱਛਮੀ ਏਸ਼ੀਆ ਦੇ ਸੰਕਟ ਨਾਲ ਨਜਿੱਠਣ ਲਈ ਕੂਟਨੀਤਕ ਕੋਸ਼ਿਸ਼ਾਂ ਤੇਜ਼ ਕਰ ਰਿਹਾ ਹੈ। ਇਸ ਗੱਲਬਾਤ ਦਾ ਮੁੱਖ ਕੇਂਦਰ ਊਰਜਾ ਸੁਰੱਖਿਆ ਰਿਹਾ। ਜੈਸ਼ੰਕਰ ਨੇ ਜਰਮਨੀ ਦੇ ਵਿਦੇਸ਼ ਮੰਤਰੀ ਜੋਹਾਨ ਵੇਡਫੁੱਲ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਇਸ ਦੌਰਾਨ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ‘ਤੇ ਵਿਸਥਾਰ ਨਾਲ ਚਰਚਾ ਹੋਈ। ਦੋਵਾਂ ਨੇਤਾਵਾਂ ਨੇ ਖੇਤਰ ਦੇ ਵਿਗੜਦੇ ਹਾਲਾਤਾਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਜੈਸ਼ੰਕਰ ਨੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਚੋ ਹਿਊਨ ਨਾਲ ਵੀ ਚਰਚਾ ਕੀਤੀ। ਉਨ੍ਹਾਂ ਨੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਦੇ ਹਾਲਾਤਾਂ ਬਾਰੇ ਗੱਲਬਾਤ ਕੀਤੀ।

