ਅਗਲੇ 3 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਅਲਰਟ ਜਾਰੀ

Global Team
3 Min Read

ਚੰਡੀਗੜ੍ਹ : ਭਿਆਨਕ ਗਰਮੀ ਅਤੇ ਲੂ ਦੇ ਕਹਿਰ ਵਿਚਾਲੇ ਉੱਤਰੀ ਭਾਰਤ ਨੂੰ ਰਾਹਤ ਮਿਲਣ ਵਾਲੀ ਹੈ। ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੋਂ ਲੈ ਕੇ ਰਾਜਸਥਾਨ ਤੱਕ ਭਲਕੇ 28 ਮਈ ਤੋਂ ਹਨ੍ਹੇਰੀ, ਮੀਂਹ ਅਤੇ ਕੁਝ ਥਾਵਾਂ ‘ਤੇ ਗੜ੍ਹੇਮਾਰੀ ਦਾ ਵੀ ਅਲਰਟ ਹੈ। ਮੌਸਮ ਵਿਭਾਗ ਨੇ ਵੀ 28 ਮਈ ਤੋਂ ਮੀਂਹ ਦੇ ਨਾਲ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਹੈ।

ਦਿੱਲੀ ਵਿੱਚ 27 ਮਈ ਨੂੰ ਆਸਮਾਨ ਸਾਫ਼ ਰਹੇਗਾ ਅਤੇ ਵੱਧ ਤੋਂ ਵੱਧ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। 28 ਅਤੇ 29 ਮਈ ਨੂੰ ਹਲਕੇ ਤੋਂ ਦਰਮਿਆਨੇ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਬਿਜਲੀ ਚਮਕਣ ਦੀ ਚੇਤਾਵਨੀ ਹੈ। 29 ਮਈ ਨੂੰ ਬੱਦਲ ਗਰਜਣ, ਬਿਜਲੀ ਲਿਸ਼ਕਣ ਦੇ ਨਾਲ 60 ਕਿਲੋਮੀਟਰ ਦੀ ਰਫ਼ਤਾਰ ਨਾਲ ਹਨ੍ਹੇਰੀ ਆਉਣ ਦੀ ਚੇਤਾਵਨੀ ਹੈ। ਦੁਪਹਿਰ ਅਤੇ ਰਾਤ ਦੇ ਸਮੇਂ ਵੀ ਦੋ-ਤਿੰਨ ਵਾਰ ਮੀਂਹ ਪੈ ਸਕਦਾ ਹੈ। ਇਸ ਦੇ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਉੱਤਰਾਖੰਡ, ਜੰਮੂ-ਕਸ਼ਮੀਰ ਵਿੱਚ 28 ਤੋਂ 30 ਮਈ ਦੌਰਾਨ ਅਤੇ ਹਿਮਾਚਲ ਪ੍ਰਦੇਸ਼ ਵਿੱਚ 28 ਅਤੇ 29 ਮਈ ਨੂੰ ਹਲਕੇ ਤੋਂ ਲੈ ਕੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ। ਇਨ੍ਹਾਂ ਰਾਜਾਂ ਨੂੰ ਬਿਜਲੀ ਡਿੱਗਣ ਅਤੇ ਤੇਜ਼ ਹਨ੍ਹੇਰੀ ਆਉਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

ਮੌਸਮ ਵਿਭਾਗ ਅਨੁਸਾਰ 28 ਅਤੇ 29 ਮਈ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਅਚਾਨਕ ਬਦਲ ਸਕਦਾ ਹੈ। ਇਸ ਦੌਰਾਨ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ-ਚਮਕ ਦੇ ਨਾਲ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਖ਼ਾਸ ਤੌਰ ‘ਤੇ ਮੋਹਾਲੀ, ਪਟਿਆਲਾ, ਰੂਪਨਗਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਮੌਸਮ ਖ਼ਰਾਬ ਹੋ ਸਕਦਾ ਹੈ।

29 ਮਈ ਨੂੰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਵਿੱਚ ਵੱਖ-ਵੱਖ ਥਾਵਾਂ ‘ਤੇ ਗਰਜ-ਚਮਕ ਦੇ ਨਾਲ ਮੀਂਹ, ਬਿਜਲੀ ਲਿਸ਼ਕਣ, ਗੜ੍ਹੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਹਰਿਆਣਾ ਵਿੱਚ ਵੀ ਪਿਛਲੇ ਦੋ ਦਿਨਾਂ ਤੋਂ ਭਿਆਨਕ ਗਰਮੀ ਪੈ ਰਹੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ 29 ਮਈ ਤੋਂ 1 ਜੂਨ ਤੱਕ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਜਤਾਈ ਹੈ। ਅੱਜ 27 ਮਈ ਨੂੰ ਪੂਰੇ ਰਾਜ ਵਿੱਚ ਲੂ ਦਾ ਓਰੇਂਜ ਅਲਰਟ ਹੈ। 28 ਮਈ ਨੂੰ ਵੀ ਦੁਪਹਿਰ ਤੱਕ ਲੂ ਚੱਲੇਗੀ। ਸ਼ਾਮ ਨੂੰ ਮੌਸਮ ਵਿੱਚ ਬਦਲਾਅ ਹੋ ਸਕਦਾ ਹੈ।

 

Share This Article
Leave a Comment