ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ (SKM) ਨੇ ਲੈਂਡ ਪੂਲਿੰਗ ਪਾਲਿਸੀ, ਪਾਣੀ ਦੇ ਸਮਝੌਤਿਆਂ, ਫਰੀ ਟਰੇਡ ਐਗਰੀਮੈਂਟ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਆਲ ਪਾਰਟੀ ਮੀਟਿੰਗ ਬੁਲਾਈ।
ਮੀਟਿੰਗ ਵਿੱਚ 10 ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ, ਪਰ ਸੱਤਾਧਾਰੀ ਆਮ ਆਦਮੀ ਪਾਰਟੀ (AAP) ਦਾ ਕੋਈ ਵੀ ਆਗੂ ਮੌਜੂਦ ਨਹੀਂ ਹੋਇਆ। ਕਿਸਾਨ ਆਗੂਆਂ ਨੇ ਕਿਹਾ ਕਿ AAP ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਘਰ ਜਾ ਕੇ ਸੱਦਾ ਦਿੱਤਾ ਗਿਆ ਸੀ, ਪਰ ਉਨ੍ਹਾਂ ਦਾ ਨਾ ਆਉਣਾ ਦੁਖਦਾਈ ਹੈ।
ਕਿਸਾਨਾਂ ਨੇ ਲੈਂਡ ਪੂਲਿੰਗ ਅਤੇ ਫਰੀ ਟਰੇਡ ਐਗਰੀਮੈਂਟ ਦੇ ਵਿਰੁੱਧ ਲੰਮੀ ਲੜਾਈ ਲੜਨ ਦਾ ਐਲਾਨ ਕੀਤਾ। ਇਸ ਮੌਕੇ ਕਿਸਾਨਾਂ ਨੇ 30 ਜੁਲਾਈ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਵੀ ਕੀਤਾ।
ਕਿਸਾਨਾਂ ਨੇ ਕਿਹਾ ਕਿ ਪਾਲਿਸੀ ਵਿੱਚ ਕੁਝ ਵੀ ਸਾਫ਼ ਨਹੀਂ ਹੈ। ਪਾਲਿਸੀ ਵਿੱਚ ਲਿਖਿਆ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ, ਉਨ੍ਹਾਂ ਤੋਂ ਵਿਕਾਸ ਲਈ ਚਾਰਜ ਵਸੂਲੇ ਜਾਣਗੇ। ਇਸ ਤੋਂ ਇਲਾਵਾ ਕਈ ਸ਼ਰਤਾਂ ਹਨ, ਜਿਸ ਨਾਲ ਕਿਸਾਨ ਸਰਕਾਰ ਨੂੰ ਦੇ ਕ ਮੁੜ ਖੁਦ ਹੀ ਲੁੱਟ ਦਾ ਸ਼ਿਕਾਰ ਹੋਵੇਗਾ। ਸਰਕਾਰ ਕੋਈ ਗੱਲ ਸਾਫ਼ ਨਹੀਂ ਕਰ ਰਹੀ। ਜਿਨ੍ਹਾਂ ਇਲਾਕਿਆਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ, ਉੱਥੇ ਪਹਿਲਾਂ ਹੀ ਰਜਿਸਟਰੀਆਂ ਬੰਦ ਹੋ ਗਈਆਂ ਹਨ। ਇਸ ਕਾਨੂੰਨ ਨਾਲ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੈ।
ਇਸ ਤੋਂ ਇਲਾਵਾ ਕਿਸਾਨਾਂ ਨੇ ਸਾਫ ਕੀਤਾ ਕਿ SKM ਦੇ ਏਕਤਾ ਮੰਚ ਲਈ ਸਾਡੇ ਦਰਵਾਜ਼ੇ ਸਾਰੇ ਕਿਸਾਨ ਦਲਾਂ ਵਾਸਤੇ ਸਦਾ ਖੁੱਲ੍ਹੇ ਹਨ। ਦਿੱਲੀ ਦੀ ਲੜਾਈ ਵਿੱਚ ਵੀ ਅਸੀਂ ਇਕੱਲੇ ਨਿਕਲੇ ਸੀ, ਬਾਅਦ ਵਿੱਚ ਸਾਰੇ ਆ ਗਏ ਸਨ। ਉਮੀਦ ਹੈ ਕਿ ਸਾਰੇ ਇਕੱਠੇ ਹੋ ਜਾਣਗੇ।
ਮੀਟਿੰਗ ਵਿੱਚ ਇਹ ਏਜੰਡੇ ਪਾਸ ਹੋਏ:
- ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਦਾ ਨੋਟੀਫਿਕੇਸ਼ਨ ਰੱਦ ਕਰਨਾ ਚਾਹੀਦਾ।
- ਫਰੀ ਟਰੇਡ ਐਗਰੀਮੈਂਟ ਵਿੱਚ ਖੇਤੀ ਅਤੇ ਇਸ ਨਾਲ ਸਬੰਧਤ ਧੰਦਿਆਂ ਨੂੰ ਬਾਹਰ ਰੱਖਿਆ ਜਾਵੇ।
- 25 ਸਾਲ ਪੁਰਾਣੇ ਸਮਝੌਤਿਆਂ ਨੂੰ ਰੱਦ ਕੀਤਾ ਜਾਵੇ। ਨਾਲ ਹੀ, ਧਾਰਾ 76 ਤੋਂ 80 ਨੂੰ ਵੀ ਰੱਦ ਕੀਤਾ ਜਾਵੇ ਅਤੇ ਇਸ ਬਾਰੇ ਭਾਰਤ ਸਰਕਾਰ ਨੂੰ ਦੱਸਿਆ ਜਾਵੇ।
- ਪੰਜਾਬ ਸਰਕਾਰ ਨਵੀਂ ਖੇਤੀ ਨੀਤੀ ਲਾਗੂ ਕਰੇ।
- ਸਾਰੀਆਂ ਸਿਆਸੀ ਪਾਰਟੀਆਂ ਤੋਂ ਸੁਝਾਅ ਲਏ ਗਏ ਹਨ, ਪਰ ਸਿਆਸੀ ਲੋਕ ਸਾਡੇ ਸਟੇਜ ‘ਤੇ ਨਹੀਂ ਆਉਣਗੇ।