ਟੋਰਾਂਠੋ: ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਸਟੱਡੀ ਪਰਮਿਟ ਅਰਜ਼ੀਆਂ ਲਈ ਵਿੱਤੀ ਸਹਾਇਤਾ ਦੀਆਂ ਜ਼ਰੂਰਤਾਂ ’ਚ ਸੋਧ ਕੀਤੀ ਹੈ।
1 ਸਤੰਬਰ 2025 ਤੋਂ ਜਾਂ ਉਸ ਤੋਂ ਬਾਅਦ ਅਰਜ਼ੀ ਦੇਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਹਿਲੇ ਸਾਲ ਦੀ ਟਿਊਸ਼ਨ ਫੀਸ ਅਤੇ ਯਾਤਰਾ ਖਰਚਿਆਂ ਤੋਂ ਇਲਾਵਾ ਘੱਟੋ-ਘੱਟ 22,895 ਕੈਨੇਡੀਅਨ ਡਾਲਰ (CAD) ਦੀ ਵਿੱਤੀ ਸਮਰੱਥਾ ਦਾ ਸਬੂਤ ਦੇਣਾ ਹੋਵੇਗਾ, ਜੋ ਪਹਿਲਾਂ 20,635 CAD ਸੀ। ਇਹ ਬਦਲਾਅ 2 ਜੂਨ 2025 ਨੂੰ ਐਲਾਨਿਆ ਗਿਆ ਅਤੇ ਕਿਊਬੈਕ ਨੂੰ ਛੱਡ ਕੇ ਸਾਰੇ ਸੂਬਿਆਂ ਅਤੇ ਖੇਤਰਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ’ਤੇ ਲਾਗੂ ਹੋਵੇਗਾ।
ਭਾਰਤੀ ਵਿਦਿਆਰਥੀਆਂ ਨੂੰ ਹੁਣ ਜੀਵਨ-ਯਾਪਨ ਖਰਚਿਆਂ ਲਈ ਘੱਟੋ-ਘੱਟ 22,895 CAD (ਲਗਭਗ 14 ਲੱਖ ਰੁਪਏ) ਦਾ ਸਬੂਤ ਦੇਣਾ ਹੋਵੇਗਾ, ਜੋ ਪਹਿਲਾਂ 20,635 CAD ਸੀ।
ਇਹ ਰਾਸ਼ੀ ਵਿਦਿਆਰਥੀ ਅਤੇ ਉਸ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਦੇ ਕੋਸਟ ਔਫ ਲਿਵਿੰਗ ਖਰਚਿਆਂ ਲਈ ਜ਼ਰੂਰੀ ਹੈ। ਕੈਨੇਡਾ ਹਰ ਸਾਲ ਕੋਸਟ ਔਫ ਲਿਵਿੰਗਦੀ ਵਧਦੀ ਲਾਗਤ ਦੇ ਅਨੁਸਾਰ ਵਿੱਤੀ ਜ਼ਰੂਰਤਾਂ ਨੂੰ ਅਪਡੇਟ ਕਰਦਾ ਹੈ।
1 ਸਤੰਬਰ 2025 ਤੋਂ ਸਟੱਡੀ ਪਰਮਿਟ ਲਈ ਜ਼ਰੂਰੀ ਰਾਸ਼ੀ:
ਪਰਿਵਾਰਕ ਮੈਂਬਰ (ਅਰਜ਼ੀਕਰਤਾ ਸਮੇਤ) |
ਪ੍ਰਤੀ ਸਾਲ ਜ਼ਰੂਰੀ ਰਾਸ਼ੀ (CAD) |
---|---|
1 | 22,895 |
2 | 28,502 |
3 | 35,040 |
4 | 42,543 |
5 | 48,252 |
6 | 54,420 |
7 | 60,589 |
ਹੁਣ ਵਾਲੀ ਜ਼ਰੂਰਤ 1 ਜਨਵਰੀ 2024 ਨੂੰ ਲਾਗੂ ਹੋਈ ਸੀ ਅਤੇ 1 ਸਤੰਬਰ 2025 ਤੋਂ ਪਹਿਲਾਂ ਦਰਜ ਅਰਜ਼ੀਆਂ ’ਤੇ ਲਾਗੂ ਰਹੇਗੀ।
ਵਿੱਤੀ ਸਮਰੱਥਾ ਦੇ ਸਬੂਤ ਵਜੋਂ IRCC ਵੱਲੋਂ ਸਵੀਕਾਰੇ ਜਾਣ ਵਾਲੇ ਦਸਤਾਵੇਜ਼:
- ਕੈਨੇਡੀਅਨ ਬੈਂਕ ’ਚ ਵਿਦਿਆਰਥੀ ਦੇ ਨਾਂ ’ਤੇ ਖਾਤਾ, ਜੇ ਪੈਸੇ ਕੈਨੇਡਾ ਟ੍ਰਾਂਸਫਰ ਕੀਤੇ ਹਨ।
- ਕਿਸੇ ਸਹਿਭਾਗੀ ਕੈਨੇਡੀਅਨ ਵਿੱਤੀ ਸੰਸਥਾ ਤੋਂ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ (GIC)।
- ਬੈਂਕ ਤੋਂ ਸਟੂਡੈਂਟ ਜਾਂ ਐਜੂਕੇਸ਼ਨ ਲੋਨ ਦਾ ਸਬੂਤ।
- ਪਿਛਲੇ 4 ਮਹੀਨਿਆਂ ਦੇ ਬੈਂਕ ਸਟੇਟਮੈਂਟ।
- ਕੈਨੇਡੀਅਨ ਡਾਲਰ ’ਚ ਬਦਲਣਯੋਗ ਬੈਂਕ ਡਰਾਫਟ।
- ਕਿਸੇ ਵਿਅਕਤੀ ਜਾਂ ਸਕੂਲ ਤੋਂ ਮਿਲਣ ਵਾਲੀ ਵਿੱਤੀ ਸਹਾਇਤਾ ਦਾ ਪੱਤਰ।
- ਕੈਨੇਡਾ ’ਚ ਸਕਾਲਰਸ਼ਿਪ ਜਾਂ ਕੈਨੇਡੀਅਨ-ਫੰਡਿਡ ਪ੍ਰੋਗਰਾਮ ਦੀ ਅਦਾਇਗੀ ਦਾ ਸਬੂਤ।