ਜਗਤਾਰ ਸਿੰਘ ਸਿੱਧੂ;
ਲੁਧਿਆਣਾ ਪੱਛਮੀ ਹਲਕੇ ਲਈ ਪੰਜਾਬ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਨੇਪਰੇ ਚੜ ਗਿਆ ਹੈ ।ਹੁਣ ਪੰਜਾਬੀਆਂ ਦਾ ਇਕੋ ਵੱਡਾ ਸਵਾਲ ਹੈ ਕਿ ਕੌਣ ਜਿੱਤੇਗਾ? ਖੈਰ, ਇਸ ਦਾ ਜਵਾਬ ਤਾਂ ਅੱਜ ਵੋਟਰਾਂ ਨੇ ਦੇ ਹੀ ਦਿੱਤਾ ਹੈ ਪਰ ਇਹ ਵੱਖਰੀ ਗੱਲ ਹੈ ਕਿ ਵੋਟਰਾਂ ਦੇ ਫ਼ਤਵੇ ਦਾ ਐਲਾਨ 23 ਜੂਨ ਨੂੰ ਹੋਵੇਗਾ। ਬੇਸ਼ੱਕ ਵੋਟਰਾਂ ਦਾ ਫਤਵਾ ਤਾਂ ਹੈ ਗਿਆ ਹੈ ਅਤੇ ਸੁਭਾਵਿਕ ਹੈ ਕਿ ਇਕ ਹੀ ਉਮੀਦਵਾਰ ਜੇਤੂ ਹੋਕੇ ਨਿਕਲੇਗਾ ਪਰ ਅੱਜ ਵੀ ਉਮੀਦਵਾਰਾਂ ਦੀਆਂ ਦਾਅਵੇਦਾਰੀਆਂ ਬਹੁਤ ਦਿਲਚਸਪ ਰਹੀਆਂ ਅਤੇ ਮੀਡੀਆ ਦੇ ਸਵਾਲ ਵੀ ਬਹੁਤ ਦਿਲਚਸਪ ਸਨ। ਮੁਕਾਬਲੇ ਵਿੱਚ ਤਾਂ ਕੁਲ 14 ਉਮੀਦਵਾਰ ਹਨ ਪਰ ਚਾਰ ਮੁੱਖ ਰਾਜਸੀ ਧਿਰਾਂ ਦੇ ਉਮੀਦਵਾਰਾਂ ਦੀ ਗੱਲ ਕੀਤੀ ਜਾ ਸਕਦੀ ਹੈਂ ।ਆਪ ਕੋਲ ਪਹਿਲਾਂ ਵੀ ਇਹ ਸੀਟ ਹੈ ਅਤੇ ਹੁਣ ਕਬਜ਼ਾ ਬਰਕਰਾਰ ਰੱਖਣ ਦਾ ਮਾਮਲਾ ਹੈ। ਆਪ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਜਦੋਂ ਵੋਟ ਪਾਈ ਤਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਸੰਤੁਸ਼ਟੀ ਦੀ ਝਲਕ ਸਾਫ ਸੀ। ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਵੋਟ ਕਰਕੇ ਜਿੱਤ ਦੀ ਦਾਅਵੇਦਾਰੀ ਕਰਦਿਆਂ ਕਿਹਾ ਕਿ ਉਸ ਨੂੰ ਹਲਕੇ ਦੇ ਲੋਕ ਆਪਣਾ ਆਗੂ ਮੰਨਦੇ ਹਨ ਜੋ ਕਿ ਉਨਾਂ ਦੇ ਹੱਕਾਂ ਦੀ ਰਾਖੀ ਕਰੇਗਾ । ਭਾਜਪਾ ਦੇ ਜੀਵਨ ਗੁਪਤਾ ਦਾ ਵੋਟ ਪਾੳਣ ਬਾਅਦ ਦਾਅਵਾ ਸੀ ਕਿ ਲੋਕ ਆਪ ਅਤੇ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹਨ ਅਤੇ ਗੁਪਤਾ ਨੇ ਤਕਰੀਬਨ ਉਹ ਹੀ ਦੋਸ਼ ਦੁਹਰਾਏ ਜੋ ਪੂਰੀ ਚੋਣ ਮੁਹਿੰਮ ਦੌਰਾਨ ਲਗਦੇ ਰਹੇ ਹਨ। ਅਕਾਲੀ ਦਲ ਦੇ ਉਮੀਦਵਾਰ ਘੁੰਮਣ ਦਾ ਪਰਿਵਾਰ ਬਹੁਤ ਸੀ ਕਿਉਂਕਿ ਉਹ ਪਹਿਲੀ ਵਾਰ ਆਪਣੇ ਪਰਿਵਾਰ ਦੇ ਉਮੀਦਵਾਰ ਲਈ ਵੋਟ ਪਾ ਰਹੇ ਸਨ।
ਮੀਡੀਆ ਦੇ ਉਮੀਦਵਾਰਾਂ ਨੋ ਕਈਵਾਰ ਸਵਾਲ ਅਜਿਹੇ ਸਨ ਕਿ ਉਮੀਦਵਾਰ ਲਈ ਬਹੁਤ ਕਸੂਤੀ ਸਥਿਤੀ ਬਣ ਜਾਂਦੀ ਸੀ। ਮਿਸਾਲ ਵਜੋਂ ਅਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੀ ਹੋਇਆ ਸੀ ਤਾਂ ਆਪ ਦੇ ਉਮੀਦਵਾਰ ਅਰੋੜਾ ਨੂੰ ਇਕ ਪੱਤਰਕਾਰ ਪੁੱਛ ਰਿਹਾ ਹੈ ਕਿ ਤੁਸੀਂ ਮੰਤਰੀ ਵਜੋਂ ਸਹੁੰ ਚੁੱਕਣ ਲਈ ਅਚਕਨ ਸਵਾ ਲਈ ਹੋ ਕਿ ਨਹੀਂ! ਇਥੇ ਵੋਟਰ ਦੀ ਗੱਲ ਨਾ ਕੀਤੀ ਜਾਵੇ ਤਾਂ ਵੋਟਰ ਨਾਲ ਨਹੀਂ ਬਲਕਿ ਦੇਸ਼ ਦੀ ਜਮਹੂਰੀਅਤ ਪ੍ਰਤੀ ਅਨਿਆਂ ਹੋਵੇਗਾ । ਅਕਸਰ ਕਿਹਾ ਜਾਂਦਾ ਹੈ ਕਿ ਕਿਸੇ ਨਾਲ ਅਜਿਹੀ ਘਟਨਾ ਵਾਪਰ ਗਈ ਕਿ ਉਸ ਨੂੰ ਰੱਬ ਚੇਤੇ ਆ ਗਿਆ । ਸਾਰੇ ਉਮੀਦਵਾਰਾਂ ਨੇ ਅੱਜ ਜਿੱਤ ਦਾ ਦਾਅਵਾ ਕਰਦਿਆਂ ਐਨਾ ਜਰੂਰ ਕਿਹਾ ਕਿ ਉਸ ਨੂੰ ਆਪਣੇ ਰੱਬ ਤੇ ਭਰੋਸਾ ਹੈ ।ਇੰਝ ਜਿੱਤੇ ਚਾਹੇ ਕੋਈ ਪਰ ਵੋਟਰਾਂ ਨੇ ਸਾਰੀਆਂ ਧਿਰਾਂ ਦੇ ਉਮੀਦਵਾਰਾਂ ਨੂੰ ਰੱਬ ਚੇਤੇ ਕਰਵਾ ਦਿੱਤਾ । ਇਸੇ ਲਈ ਸੰਜਮ ਨਾਲ ਗੱਲ ਕਰਨ ਵਾਲੇ ਰਾਜਸੀ ਨੇਤਾ ਵੋਟਰ ਨੂੰ ਭਗਵਾਨ ਦਾ ਦਰਜਾ ਵੀ ਦਿੰਦੇ ਹਨ।
ਸੰਪਰਕ 9814002186