Home / ਓਪੀਨੀਅਨ / ਕਿਸਾਨ ਨੇ ਮੁਰਗੀ ਫਾਰਮ ਲਈ ਲਿਆ ਸੀ ਕਰਜਾ, ਕੈਂਸਰ ਨਾਲ ਹੋ ਗਈ ਮੌਤ, ਬੈਂਕ ਨੇ ਪਤਨੀ ਨੂੰ ਕਰਾ ਤੀ ਕੈਦ, ਫਿਰ ਉਸ ਨੇ ਵੀ ਚੱਕ ਲਿਆ ਵੱਡਾ ਕਦਮ, ਸੁਣ ਕੇ ਚਾਰੇ ਪਾਸੇ ਮੱਚ ਗਈ ਹਾਹਾਕਾਰ!

ਕਿਸਾਨ ਨੇ ਮੁਰਗੀ ਫਾਰਮ ਲਈ ਲਿਆ ਸੀ ਕਰਜਾ, ਕੈਂਸਰ ਨਾਲ ਹੋ ਗਈ ਮੌਤ, ਬੈਂਕ ਨੇ ਪਤਨੀ ਨੂੰ ਕਰਾ ਤੀ ਕੈਦ, ਫਿਰ ਉਸ ਨੇ ਵੀ ਚੱਕ ਲਿਆ ਵੱਡਾ ਕਦਮ, ਸੁਣ ਕੇ ਚਾਰੇ ਪਾਸੇ ਮੱਚ ਗਈ ਹਾਹਾਕਾਰ!

ਬਠਿੰਡਾ: ਇੱਕ ਪਾਸੇ ਜਿੱਥੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਲਗਭਗ ਸਾਰੇ ਹੀ ਮੰਤਰੀ ਸੂਬੇ ਦੇ ਕਿਸਾਨਾਂ ਦਾ ਕਰਜਾ ਮਾਫ ਕਰਨ ਦੇ ਦਾਅਵੇ ਹਰ ਸਟੇਜ ਤੋਂ ਕਰਨੋਂ ਗੁਰੇਜ ਨਹੀਂ ਕਰ ਰਹੇ, ਉੱਥੇ ਦੂਜੇ ਪਾਸੇ ਹਾਲਾਤ ਇਹ ਹਨ ਕਿ ਜਿੱਥੇ ਉਸ ਬੁੱਧ ਸਿੰਘ ਨਾਮਕ ਕਿਸਾਨ ਦਾ ਕਰਜਾ ਵੀ ਮਾਫ ਨਹੀਂ ਹੋਇਆ, ਜਿਸ ਦੀ ਤਸਵੀਰ ਪੋਸਟਰਾਂ ਤੇ ਲਾ ਕੇ ਕਾਂਗਰਸ ਪਾਰਟੀ ਨੇ ਕਰਜਾ ਮਾਫੀ ਸਕੀਮ ਦਾ ਪ੍ਰਚਾਰ ਕਰਦਿਆਂ ਪੰਜਾਬ ਦੇ ਲੋਕਾਂ ਤੋਂ ਵੋਟਾਂ ਬਟੋਰੀਆਂ ਸਨ, ਉੱਥੇ ਦੂਜੇ ਪਾਸੇ ਬਠਿੰਡਾ ਅੰਦਰ ਹੁਣ ਇੱਕ ਅਜਿਹਾ ਮਾਮਲਾ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਢਾਈ ਲੱਖ ਦਾ ਕਰਜਾ ਲੈਣ ਵਾਲੇ ਇੱਕ ਕਿਸਾਨ ਦੀ ਪਤਨੀ ਨੂੰ, ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਕਰਜਾ ਚੁਕਾਉਣ ਲਈ ਆਪਣੀ ਕਿਡਨੀ ਤੱਕ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਜਿਸ ਬੈਂਕ ਤੋਂ ਮ੍ਰਿਤਕ ਕਿਸਾਨ ਨੇ ਮੁਰਗੀ ਫਾਰਮ ਖੋਲ੍ਹਣ ਲਈ ਢਾਈ ਲੱਖ ਰੁਪਏ ਦਾ ਕਰਜਾ ਲਿਆ ਸੀ, ਉਸ ਬੈਂਕ ਨੇ ਮਰਨ ਵਾਲੇ ਦੀ ਪਤਨੀ ਨੂੰ ਚੈਕ ਬਾਊਂਸ ਦੇ ਕੇਸ ਵਿੱਚ ਦੋ ਸਾਲ ਦੀ ਕੈਦ ਕਰਵਾ ਦਿੱਤੀ ਹੈ, ਤੇ ਇਸ ਔਰਤ ਦਾ ਕਰਜਾ ਸੂਬਾ ਸਰਕਾਰ ਨੇ ਹਾਲੇ ਵੀ ਮਾਫ ਨਹੀਂ ਕੀਤਾ। ਮ੍ਰਿਤਕ ਕਿਸਾਨ ਦੀ ਇਸ ਪਤਨੀ ਦਾ ਦਰਦ ਅਜੇ ਇੱਥੇ ਵੀ ਖਤਮ ਨਹੀਂ ਹੋਇਆ, ਉਸ ਨੇ ਆਪਣੀ ਸਜਾ ਦੇ ਖਿਲਾਫ ਸੈਸ਼ਨ ਆਦਲਤ ਵਿੱਚ ਜਿਹੜੀ ਅਪੀਲ ਦਾਇਰ ਕੀਤੀ ਸੀ, ਆਉਂਦੀ 23 ਨਵੰਬਰ ਨੂੰ ਉਸ ‘ਤੇ ਅਦਾਲਤੀ ਫੈਸਲਾ ਆਉਣ ਵਾਲਾ ਹੈ, ਤੇ ਕਿਸਾਨ ਦੀ ਇਸ ਪਤਨੀ ਨੂੰ ਡਰ ਹੈ ਕਿ ਜੇਕਰ ਅਦਾਲਤ ਨੇ, ਇਸ ਵਾਰ ਵੀ ਉਸ ਨੂੰ ਸਜਾ ਸੁਣਾ ਦਿੱਤੀ, ਤਾਂ ਉਸਨੂੰ ਜੇਲ੍ਹ ਜਾਣ ਤੋਂ ਕੋਈ ਨਹੀਂ ਬਚਾ ਪਾਵੇਗਾ। ਲਿਹਾਜਾ ਉਸ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ, ਕਿ ਜੇਕਰ ਉਸਦਾ ਕਰਜਾ ਮਾਫ ਨਹੀਂ ਕੀਤਾ ਜਾ ਸਕਦਾ ਤਾਂ ਉਸਨੂੰ ਆਪਣੀ ਕਿਡਨੀ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। ਦੱਸ ਦਈਏ ਕਿ ਜਿਲ੍ਹੇ ਦੇ ਪਿੰਡ ਸੰਦੋਹਾ ਦੇ ਰਹਿਣ ਵਾਲੇ ਕਿਸਾਨ ਨਾਇਬ ਸਿੰਘ ਅਤੇ ਉਸ ਦੀ ਪਤਨੀ ਮੂਰਤੀ ਕੌਰ ਨੇ ਮੁਰਗੀ ਫਾਰਮ ਖੋਲ੍ਹਣ ਲਈ ਕੋਆਪਰੇਟਿਵ ਬੈਂਕ ਦੀ ਸੇਖਪੁਰਾ ਬਰਾਂਚ ਤੋਂ ਕਰਜਾ ਲਿਆ ਸੀ, ਪਰ ਸਾਲ 2011 ਦੌਰਾਨ ਉਸ ਨੂੰ ਕੈਂਸਰ ਹੋ ਗਿਆ। ਜਿਸ ਨੂੰ ਬਚਾਉਣ ਲਈ ਮੂਰਤੀ ਕੌਰ ਨੂੰ ਹੋਰ ਕਰਜਾ ਚੁੱਕਣਾ ਪਿਆ, ਪਰ ਇਸ ਦੇ ਬਾਵਜੂਦ ਸਾਲ 2013 ਵਿੱਚ ਨਾਇਬ ਸਿੰਘ ਦੀ ਮੌਤ ਹੋ ਗਈ। ਮੂਰਤੀ ਕੌਰ ਦੱਸਦੀ ਹੈ ਕਿ ਇੱਕ ਤਾਂ ਪਤੀ ਦੀ ਬਿਮਾਰੀ ਤੇ ਲੱਗ ਰਿਹਾ ਪੈਸਾ ਤੇ ਦੂਜੇ ਪਾਸੇ ਕੰਮ ਬੰਦ ਹੋ ਜਾਣ ਕਾਰਨ ਉਹ ਬੈਂਕ ਕਰਜੇ ਦੀਆਂ ਕਿਸ਼ਤਾਂ ਨਹੀਂ ਭਰ ਸਕੀ, ਤੇ ਇਹ ਕਰਜਾ ਢਾਈ ਲੱਖ ਤੋਂ ਵੱਧ ਕੇ ਪੰਜ ਲੱਖ 95 ਹਜਾਰ ਤੱਕ ਪਹੁੰਚ ਗਿਆ। ਮੂਰਤੀ ਕੌਰ ਅਨੁਸਾਰ ਕਰਜਾ ਦੇਣ ਸਮੇਂ ਬੈਂਕ ਵੱਲੋਂ ਉਨ੍ਹਾਂ ਤੋਂ ਜਿਹੜੇ ਖਾਲੀ ਚੈੱਕਾਂ ਤੇ ਹਸਤਾਖਰ ਕਰਵਾਏ ਗਏ ਸਨ, ਉਸ ਨੂੰ ਬਾਊਂਸ ਕਰਵਾਉਣ ਉਪਰੰਤ ਬੈਂਕ ਨੇ ਸਾਲ 2016 ਵਿੱਚ ਉਸ ਤੇ ਕੇਸ ਕਰ ਦਿੱਤਾ ਤੇ ਤਲਵੰਡੀ ਸਾਬੋ ਦੀ ਅਦਾਲਤ ਨੇ 30 ਅਕਤੂਬਰ 2018 ਨੂੰ ਮੂਰਤੀ ਕੌਰ ਨੂੰ ਦੋ ਸਾਲ ਦੀ ਸਜਾ ਸੁਣਾ ਦਿੱਤੀ। ਮੂਰਤੀ ਕੌਰ ਕਹਿੰਦੀ ਹੈ ਕਿ ਉਸ ਨੇ ਅਦਾਲਤ ਨੂੰ ਵੀ ਇਹ ਕਿਹਾ ਸੀ ਕਿ ਉਹ ਕਰਜਾ ਮੋੜਨਾ ਚਾਹੁੰਦੀ ਹੈ ਪਰ ਉਸ ਕੋਲ ਅਜੇ ਪੈਸੇ ਨਹੀਂ ਹਨ, ਕਿਉਂਕਿ ਉਸ ਕੋਲ ਆਮਦਨੀ ਦਾ ਕੋਈ ਸਾਧਨ ਨਹੀਂ। ਪੀੜਿਤ ਅਨੁਸਾਰ ਉਸ ਦੀ ਕੋਈ ਦਲੀਲ ਅਤੇ ਮਿਨਤਾਂ ਕੰਮ ਨਹੀਂ ਆਈਆਂ ਤੇ ਉਸਨੂੰ ਸਜਾ ਸੁਣਾ ਦਿੱਤੀ ਗਈ। ਮੂਰਤੀ ਕੌਰ ਦੇ ਦੱਸਣ ਅਨੁਸਾਰ ਬੈਂਕ ਵਾਲਿਆਂ ਨੇ ਉਸਨੂੰ ਇਸ ਕਰਜੇ ਬਦਲੇ ਇਸ ਹੱਦ ਤੱਕ ਜਲੀਲ ਕੀਤਾ ਕਿ ਜਦੋਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਇੱਕ ਸਾਲ ਬਾਅਦ ਤੱਕ ਵੀ ਉਸ ਦੇ ਪਤੀ ਦੀ ਤਸਵੀਰ ਬੈਂਕ ਡਫਾਲਟਰਾਂ ਦੀ ਲਿਸਟ ਵਿੱਚ ਬੈਂਕ ਅੰਦਰ ਲਗਾ ਕੇ ਰੱਖੀ ਗਈ। ਇਥੋਂ ਤੱਕ ਕਿ ਬੈਂਕ ਨੇ ਉਨ੍ਹਾਂ ਗਵਾਹਾਂ ਨੂੰ ਵੀ ਨਹੀਂ ਛੱਡਿਆ ਜਿਨ੍ਹਾਂ ਨੇ ਕਰਜਾ ਲੈਣ ਲੱਗਿਆਂ ਉਨ੍ਹਾਂ ਦੇ ਹੱਕ ਵਿੱਚ ਗਵਾਹੀ ਦਿੱਤੀ ਸੀ। ਇਹ ਉਹ ਦੋ ਉਦਾਹਰਨਾਂ ਹਨ ਜਿਨ੍ਹਾਂ ਨੇ ਕਾਂਗਰਸ ਸਰਕਾਰ ਦੀ ਕਰਜਾ ਮਾਫੀ ਸਕੀਮ ਵਾਲੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੂਰਤੀ ਕੌਰ ਨੇ ਕਿਡਨੀ ਵੇਚਣ ਦੀ ਗੱਲ ਕਹਿ ਕੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਹੁਣ ਕਿਡਨੀ ਵੇਚਣ ਵਾਲੇ ਇਸ ਐਲਾਨ ਨੂੰ ਮੂਰਤੀ ਕੌਰ ਨੇ ਅਮਲ ਵਿੱਚ ਲਿਆਉਣਾ ਸੀ, ਜਾਂ ਨਾਂ, ਇਹ ਤਾਂ ਉਹ ਹੀ ਜਾਣੇ, ਪਰ ਇੰਨਾ ਜ਼ਰੂਰ ਹੈ ਕਿ ਉਸ ਵੱਲੋਂ ਅਜਿਹਾ ਕਹਿ ਦੇਣ ਨਾਲ ਹੀ  ਵਿਰੋਧੀ ਪਾਰਟੀਆਂ ਦੇ ਹੱਥ ਇੱਕ ਵੱਡਾ ਮੁੱਦਾ ਲੱਗ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਬੁੱਧ ਸਿੰਘ ਦਾ ਕਰਜਾ ਮਾਫ ਕਰਨ ਵਾਲੇ ਅਕਾਲੀ ਕੀ ਮੂਰਤੀ ਕੌਰ ਦਾ ਕਰਜਾ ਮਾਫ ਕਰਨ ਲਈ ਵੀ ਅੱਗੇ ਆਉਣਗੇ ? ਕਿਉਂਕਿ ਭਾਵੇਂ ਇਸ ਮਾਮਲੇ ਵਿੱਚ ਸਿਆਸਤ ਹੀ ਕਿਉਂ ਨਾ ਕਹੀ ਜਾਵੇ, ਪਰ ਜੇਕਰ ਮੂਰਤੀ ਕੌਰ ਦਾ ਕਰਜਾ ਮਾਫ ਹੁੰਦਾ ਹੈ ਤਾਂ ਇਸ ਨੂੰ ਸਿਆਸਤ ਹੀ ਕਹਿ ਲੈਣ ਦਿਉ ਘੱਟੋ-ਘੱਟ ਕਿਸੇ ਨੂੰ ਆਪਣੇ ਸਰੀਰ ਦੇ ਅੰਗ ਵੇਚਣ ਤੋਂ ਬਚਾਇਆ ਜਾ ਸਕਦਾ ਹੈ।  

Check Also

ਆਮ ਆਦਮੀ ਪਾਰਟੀ ਸਮਝੌਤੇ ਵਾਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਕੇ ਮੈਦਾਨ ਛੱਡ ਕੇ ਭੱਜੀ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਦੋਂ …

Leave a Reply

Your email address will not be published. Required fields are marked *