ਸੰਤ ਰਾਮ ਉਦਾਸੀ – ਕਿਰਤੀਆਂ ਆਵਾਜ਼ ਤੇ ਸੱਚਾ ਲੋਕ ਦਰਦੀ ਕਵੀ,

TeamGlobalPunjab
3 Min Read

ਚੰਡੀਗੜ੍ਹ: ਸੰਤ ਰਾਮ ਉਦਾਸੀ ਕਿਰਤੀ ਕਿਸਾਨਾਂ ਦੀ ਰੋਹ ਭਰੀ ਅਵਾਜ਼ ਸੀ, ਜਦ ਉਹ ਬਿਨਾਂ ਸਾਜ਼ਾਂ ਤੋਂ ਆਪਣੀ ਕਮਾਈ ਹੋਈ ਆਵਾਜ਼ ਨਾਲ ਗਾਉਂਦੇ ਤਾਂ ਸਰੋਤਿਆਂ ਵਿੱਚ ਜੋਸ਼, ਸਨਸਨੀ ਤੇ ਜਮਾਤੀ ਨਫਰਤ ਦੀਆਂ ਤੇਜ ਤਰੰਗਾਂ ਛੇੜ ਦਿੰਦਾ।

ਉਨ੍ਹਾਂ ਦਾ ਜਨਮ 20 ਅਪ੍ਰੈਲ 1939 ਨੂੰ ਰਾਏਸਰ, ਬਰਨਾਲਾ ਵਿਖੇ ਇਕ ਗਰੀਬ ਪਰਿਵਾਰ ਵਿੱਚ ਹੋਇਆ। ਉਹ ਦੇਸ਼ ਭਗਤ, ਕਮਿਉਨਿਸਟ, ਸੱਚਾ ਲੋਕ ਦਰਦੀ ਕਵੀ, ਗੀਤਕਾਰ ਤੇ ਗਾਇਕ ਸੀ।
ਉਸਦੀ ਕਲਮ ਦੁਆਰਾ ਸਿਰਜੇ ‘ਲਹੂ ਭਿੱਜੇ ਬੋਲ’, ‘ਸੈਨਤਾਂ’ ਤੇ ‘ਚੋਂ ਨੁਕਰੀਆਂ ਸੀਖਾਂ’ ਕਾਵਿ ਸੰਗ੍ਰਿਹ ਹਨ।ਇਕ ਅਤਿ ਗਰੀਬ, ਦਲਿਤ ਪਰਿਵਾਰ ਵਿੱਚ ਜੰਮੇ ਉਦਾਸੀ ਨੂੰ ਬਾਲਪੁਣੇ ਤੋਂ ਸਿਰਫ ਆਰਥਿਕ ਔਕੜਾਂ ਦਾ ਹੀ ਸਾਹਮਣਾ ਨਹੀਂ ਕਰਨਾ ਪਿਆ, ਸਗੋਂ ਜਾਤੀ ਭੇਦ ਅਤੇ ਛੂਤ-ਛਾਤ ਦੇ ਤਿਖੇ ਸਮਾਜੀ ਡੰਗਾਂ ਨੂੰ ਵੀ ਜਰਨਾ ਪਿਆ, ਅੰਤਾਂ ਦੀਆਂ ਦੁਸ਼ਾਵਰੀਆਂ ਦੇ ਬਾਵਜੂਦ ਆਪਣੀ ਜਿੰਦਗੀ ਦੀ ਵਾਗ ਹਥੋਂ ਖਿਸਕਣ ਨਹੀਂ ਦਿੱਤੀ।

ਉਹ ਉਨ੍ਹਾਂ ਗਿਣੇ ਚੁਣੇ ਲੋਕਾਂ ‘ਚੋਂ ਸੀ, ਜੋ ਸਮੇਂ ਦੀ ਉਂਗਲੀ ਲਾ ਕੇ ਤੁਰਦੇ ਹਨ। ਉਸਨੇ ਸ਼ਲਾਖੋਵ, ਗੋਰਕੀ, ਜੂਲੀਅਸ ਫਿਉਚਿਕ ਆਦਿ ਨੂੰ ਪੜਿਆ ਤੇ ਜਸਵੰਤ ਕੰਵਲ, ਸੰਤੋਖ ਸਿੰਘ ਧੀਰ, ਮੋਹਨ ਸਿੰਘ ਤੋਂ ਪ੍ਰਭਾਵਤ ਹੋ ਕੇ ਕਵਿਤਾਵਾਂ ਤੇ ਗੀਤ ਲਿਖਣੇ ਸ਼ੁਰੂ ਕੀਤੇ। ਉਸਦੇ ਸ਼ਬਦਾਂ ‘ਚ ਸਭ ਤੋਂ ਪਹਿਲਾਂ ਮੈਂ ਆਪਣੀਆਂ ਕਵਿਤਾਵਾਂ ‘ਚ ਅਧਿਆਤਮਕਵਾਦ ਲਿਆਂਦਾ ਤੇ ਫਿਰ ਅਧਿਆਤਮਕਵਾਦ ਤੋਂ ਮਗਰੋਂ ਮੈਂ ਮਾਰਕਸੀ ਫਲਸਫੇ ਨੂੰ ਘੋਖਿਆ ਤੇ ਮੈਨੂੰ ਲੱਗਾ ਕਿ ਅਧਿਆਤਮਕਵਾਦ ਬਾਰੇ ਮੇਰੇ ਗੀਤ ਕਿਰਤੀ ਲੁੱਟ ਨੂੰ ਖਤਮ ਕਰਨ ਵਿਚ ਸਹਾਈ ਨਹੀ ਹੋ ਸਕਦੇ। 6 ਨਵੰਬਰ 1986 ਨੂੰ ਸਦਾ ਲਈ ਆਪਣੀ ਅਵਾਜ਼ ਵਿਚ ਗੀਤਾਂ ਦਾ ਕੀਮਤੀ ਸਰਮਾਇਆ ਛਡ ਕੇ ਚਲੇ ਗਏ।

ਸੰਤ ਰਾਮ ਉਦਾਸੀ ਦੇ ਕੁਝ ਕ੍ਰਾਂਤੀਕਾਰੀ ਗੀਤ ਇਸ ਤਰ੍ਹਾਂ ਹਨ : ਦੇਸ਼ ਹੈ ਪਿਆਰਾ ਸਾਨੂੰ ਜਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆ, ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆ

- Advertisement -

ਮਾਲਾ ‘ਚ ਕਰਾਮਾਤ ਨਾ, ਨਵੇਂ ਯੁਗ ਦੇ ਲੋਕ ਇਹ ਆਂਹਦੇ, ਕਰਾਮਾਤ ਕਾਮਿਆਂ ਦੀ, ਜਿਹੜੇ ਮਿਟੀ ਵਿਚੋਂ ਸੋਨਾ ਉਗਾਉਂਦੇ।

ਇਕ ਤਲਵਾਰ ਮੇਰੀ ਡੋਲੀ ਵਿੱਚ ਰੱਖ ਦਿਉ, ਹੋਰ ਵੀਰੋ ਦਿਉ ਨਾ ਦਾਜ; ਲੋਕੀ ਕਹਿੰਦੇ ਪੁੱਤ ਬਿਨਾ ਜਗ ‘ਚ ਮਿਲਾਪ ਨੀ, ਮੈਂ ਤਾਂ ਕਹਾਂ ਜਿਹਦੇ ਧੀ ਨੀ ਉਹ ਤਾਂ ਸਹੀ ਬਾਪ ਨੀ।

ਜੋ ਤੇਰੀ ਦਸਤਾਰ ਨੂੰ ਪੈਂਦੇ, ਤੋੜ ਦੇਈਂ ਉਹ ਗੁੱਟ ਵੇ; ਉਠ ਕਿਰਤੀਆ ਉਠ ਵੇ ਉਠਣ ਦਾ ਵੇਲਾ, ਜੜ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ।

ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮੱਘਦਾ ਰਹੀ ਸੂਰਜਾ ਕੰਮੀਆਂ ਦੇ ਵਿਹੜੇ; ਅਸੀਂ ਜੜ ਨਾ ਜੁਲਮ ਦੀ ਛੱਡਣੀ ਤੇ ਭਾਂਵੇ ਸਾਡੀ ਜੜ ਨਾ ਰਹੇ।

ਸੁਣੋ ਸੁਣਾਵਾਂ ਹਾਲ ਭਾਰਤ ਦੀ ਬਰਬਾਦੀ ਦਾ; ਐਵੇ ਭਰਮ ਹੈ ਸਾਡੇ ਕਾਤਲਾਂ ਨੂੰ,ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਬਦਲੇ ਲਏ ਤੋਂ ਵੀ ਮੁਕਣੀ ਨਹੀ, ਐਨੀ ਲੰਮੀ ਹੈ ਸਾਡੀ ਕਤਾਰ ਲੋਕੋ।

- Advertisement -

ਮੇਰੀ ਮੌਤ ‘ਤੇ ਨਾ ਰੋਇਉ, ਮੇਰੀ ਸੋਚ ਨੂੰ ਬਚਾਇਉ; ਲੋਕੋ ਬਾਜ ਆ ਜਾਉ ਝੂਠੇ ਲੀਡਰਾਂ ਤੋਂ, ਇਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀ, ਇਨ੍ਹਾਂ ਤੁਹਾਨੂੰ ਵੇਚ ਕੇ ਖਾ ਛੱਡਣਾ।

Share this Article
Leave a comment