ਕੌਣ ਨੇ ਮੌਤ ਦੇ ਸੌਦਾਗਰ !

Global Team
3 Min Read

ਜਗਤਾਰ ਸਿੰਘ ਸਿੱਧੂ;

ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਵੱਡਾ ਕਹਿਰ ਵਾਪਰ ਗਿਆ ਹੈ। ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਸਤਾਰਾਂ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਅਜੇ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਜੀਠਾ ਹਲਕੇ ਵਿੱਚ ਜਾਕੇ ਇਸ ਭਾਣੇ ਵਿੱਚ ਡੁੱਬੇ ਪਰਿਵਾਰਾਂ ਦੀ ਬਾਂਹ ਫੜੀ ਹੈ। ਜਿਹੜੇ ਪਰਿਵਾਰਾਂ ਵਿੱਚ ਮੌਤਾਂ ਹੋਈਆਂ ਹਨ, ਹਰ ਪਰਿਵਾਰ ਨੂੰ ਦਸ ਲੱਖ ਰੁਪਏ ਦੀ ਮਦਦ ਦੇਣ ਦੇ ਇਲਾਵਾ ਹੋਰ ਮਦਦ ਵੀ ਕੀਤੀ ਗਈ ਹੈ। ਜੇਕਰ ਕਿਸੇ ਪਰਿਵਾਰ ਵਿੱਚ ਕੋਈ ਨੌਕਰੀ ਦੇ ਯੋਗ ਹੈ ਤਾਂ ਨੌਕਰੀ ਦਿੱਤੀ ਜਾਵੇਗੀ। ਪੀੜਤ ਪਰਿਵਾਰ ਦੇ ਬੱਚਿਆਂ ਦਾ ਸਾਰਾ ਪੜ੍ਹਾਈ ਦਾ ਖਰਚਾ ਸਰਕਾਰ ਦੇਵੇਗੀ। ਹਸਪਤਾਲ ਵਿੱਚ ਇਲਾਜ ਕਰਵਾ ਰਹੇ ਲੋਕਾਂ ਦੀ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਮਾਨ ਨੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਦਾ ਹੁਕਮ ਦਿੱਤਾ ਹੈ। ਪ੍ਰਸ਼ਾਸਨ ਦੀ ਜਵਾਬਦੇਹੀ ਤੈਅ ਕੀਤੀ ਹੈ। ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਇਹ ਮੌਤਾਂ ਨਹੀਂ ਸਗੋਂ ਕਤਲ ਹੋਏ ਹਨ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇਗੀ। ਇਹ ਘਨਾਉਣਾ ਕਾਰਾ ਕਰਨ ਵਾਲੇ ਦਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਇਹ ਕਾਰਾ ਪੁਲਿਸ, ਸਿਵਲ ਅਧਿਕਾਰੀਆਂ ਅਤੇ ਰਾਜਸੀ ਆਗੂਆਂ ਦੇ ਨਾਪਾਕ ਗਠਜੋੜ ਬਗੈਰ ਨਹੀਂ ਹੋ ਸਕਦਾ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਕੋਈ ਵੀ ਵੱਡੇ ਤੋਂ ਵੱਡਾ ਅਧਿਕਾਰੀ ਹੋਵੇ ਜਾਂ ਕੋਈ ਰਾਜਸੀ ਨੇਤਾ ਹੋਵੇ ਪਰ ਮਾਮਲੇ ਵਿੱਚ ਸ਼ਾਮਲ ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ। ਸਰਕਾਰ ਸਾਰੇ ਮਾਮਲੇ ਦੀ ਤੈਅ ਤੱਕ ਜਾਵੇਗੀ। ਉਨਾਂ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਸ ਕਾਰੇ ਦੀਆਂ ਤਾਰਾ ਦਿੱਲੀ ਤੱਕ ਜੁੜੀਆਂ ਹੋਈਆਂ ਹਨ।

ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਰੋਕਣ ਦਾ ਮਾਮਲਾ ਵੀ ਇਸ ਮੁਹਿੰਮ ਦਾ ਹਿੱਸਾ ਹੈ। ਪੂਰੇ ਪੰਜਾਬ ਵਿੱਚ ਇਸ ਮਾਮਲੇ ਨੂੰ ਲੈਕੇ ਛਾਣਬੀਣ ਕੀਤੀ ਜਾਵੇਗੀ ਅਤੇ ਜੇਕਰ ਕੋਈ ਫਿਰ ਵੀ ਨਹੀਂ ਹਟੇਗਾ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਪੰਜਾਬ ਦੀਆਂ ਰਾਜਸੀ ਧਿਰਾਂ ਨੇ ਇਸ ਮੁੱਦੇ ਉੱਤੇ ਰਾਜਨੀਤੀ ਕਰਨੀ ਸ਼ੁਰੂ ਕਰ ਦਿਤੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਜ਼ਹਿਰੀਲੀ ਸ਼ਰਾਬ ਦੇ ਘਿਣਾਉਣੇ ਕਾਰੇ ਵਾਪਰਦੇ ਰਹੇ ਹਨ। ਜੇਕਰ ਪਿਛਲੀਆਂ ਸਰਕਾਰਾਂ ਮੌਤ ਦੇ ਸੌਦਾਗਰਾਂ ਨੂੰ ਨੱਥ ਪਾਉਂਦੀਆਂ ਤਾਂ ਸ਼ਾਇਦ ਅਜਿਹੀ ਸਥਿਤੀ ਨਾ ਬਣਦੀ ।ਉਸ ਵੇਲੇ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਨੇ ਅਸਤੀਫਾ ਨਹੀਂ ਦਿੱਤਾ ਤਾਂ ਹੁਣ ਇਸ ਮਾਮਲੇ ਉੱਪਰ ਰਾਜਨੀਤੀ ਕਿਉਂ? ਮੁੱਖ ਮੰਤਰੀ ਮਾਨ ਦੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਾਰੀਆਂ ਧਿਰਾਂ ਦੇ ਸਹਿਯੋਗ ਦੀ ਲੋੜ ਹੈ ਕਿਉਂ ਜੋ ਨਸ਼ਿਆਂ ਦੇ ਖਾਤਮੇ ਦੀ ਮੁਹਿੰਮ ਨੂੰ ਵੱਡੀ ਚੁਣੌਤੀ ਹੈ।

ਇਹ ਵੀ ਅਹਿਮ ਕਿ ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਦੇਣ ਦਾ ਕਾਰਾ ਕਰਨ ਵਾਲੇ ਗ੍ਰੋਹ ਦੀ ਅਸਲੀਅਤ ਸਾਹਮਣੇ ਲਿਆਂਦੀ ਜਾਵੇ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਮਿਲਣ। ਪੰਜਾਬੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਹਰ ਸਹਿਯੋਗ ਲਈ ਤਿਆਰ ਹਨ।

ਸੰਪਰਕ: 9814002186

Share This Article
Leave a Comment