ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨਾਂ ਦੇ ਖਦਸ਼ੇ ?

TeamGlobalPunjab
10 Min Read

-ਡਾ. ਮੱਖਣ ਸਿੰਘ ਭੁੱਲਰ, ਮੁੱਖ ਫਸਲ ਵਿਗਿਆਨੀ
-ਡਾ. ਜਸਵੀਰ ਸਿੰਘ ਗਿੱਲ, ਫਸਲ ਵਿਗਿਆਨੀ

ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਾਫ਼ੀ ਵੱਡੇ ਪੱਧਰ ਤੇ ਹੋਈ ਹੈ ਅਤੇ ਜ਼ਿਆਦਾਤਰ ਕਿਸਾਨਾਂ ਨੇ ਪਹਿਲੀ ਵਾਰ ਸਿੱਧੀ ਬਿਜਾਈ ਕੀਤੀ ਹੈ । ਪਹਿਲਾ ਸਾਲ ਹੋਣ ਕਰਕੇ ਕੁਝ ਕਿਸਾਨਾਂ ਵਿੱਚ ਸਿੱਧੀ ਬਿਜਾਈ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਖਦਸ਼ੇ/ਡਰ ਪਾਏ ਜਾ ਰਹੇ ਹਨ। ਇਸੇ ਸੰਦਰਭ ਵਿੱਚ, ਹੇਠਾਂ, ਕਿਸਾਨ ਵੀਰਾਂ ਦੇ ਸਿੱਧੀ ਬਿਜਾਈ ਸੰਬੰਧੀ ਪਾਏ ਜਾਂਦੇ ਖਦਸ਼ੇ ਅਤੇ ਉਨ੍ਹਾਂ ਦੀ ਅਸਲੀਅਤ/ਹੱਲ ਬਾਰੇ ਦੱਸਿਆ ਗਿਆ ਹੈ :

ਫ਼ਸਲ ਵਿਰਲੀ ਰਹਿ ਗਈ ਹੈ

ਸਿੱਧੀ ਬਿਜਾਈ ਵਾਲਾ ਖੇਤ ਸ਼ੁਰੂ ਵਿੱਚ ਵਿਰਲਾ-ਵਿਰਲਾ (ਛਿੱਦਾ) ਲੱਗਦਾ ਹੈ। ਤਰ ਵੱਤਰ ਵਿੱਚ ਬੀਜੀ ਫ਼ਸਲ ਨੂੰ ਪਹਿਲਾ ਪਾਣੀ ਤਕਰੀਬਨ 21 ਦਿਨ ਬਾਅਦ ਲਾਇਆ ਜਾਂਦਾ ਹੈ। ਇਸ ਸਮੇਂ ਦੌਰਾਨ ਬੂਟਾ ਆਪਣੀ ਜ਼ਿਆਦਾ ਤਾਕਤ ਜੜ੍ਹਾਂ ਡੂੰਘੀਆਂ ਕਰਨ ਤੇ ਲਾਉਂਦਾ ਹੈ ਅਤੇ ਉੱਪਰ ਨੂੰ ਘੱਟ ਵਧਦਾ ਹੈ। ਉੱਪਰ ਨੂੰ ਘੱਟ ਵਾਧਾ ਹੋਣ ਕਰਕੇ ਖੇਤ ਖਾਲੀ-ਖਾਲੀ ਲੱਗਦਾ ਹੈ ਜਿਸ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਪਹਿਲਾ ਪਾਣੀ ਲਾਉਣ ਤੋਂ ਬਾਅਦ ਬੂਟੇ ਦਾ ਉੱਪਰਲਾ ਵਾਧਾ ਬਹੁਤ ਤੇਜ ਹੁੰਦਾ ਹੈ ਅਤੇ ਅਗਲੇ 15-20 ਦਿਨਾਂ ਵਿੱਚ ਖੇਤ ਭਰਿਆ ਭਰਿਆ ਦਿਸਣ ਲੱਗ ਪੈਂਦਾ ਹੈ। ਫਿਰ ਵੀ ਜੇਕਰ ਕਿਤੇ ਬੂਟੇ ਘੱਟ ਹੋਣ ਤਾਂ ਦੂਜਾ ਪਾਣੀ (ਤਕਰੀਬਨ 28 ਦਿਨ) ਲਾਉਣ ਸਮੇਂ ਸੰਘਣੀ ਜਗ੍ਹਾ ਤੋਂ ਬੂਟੇ ਪੱਟ ਕੇ ਵਿਰਲੀ ਜਗ੍ਹਾਂ ਤੇ ਲਾਏ ਜਾ ਸਕਦੇ ਹਨ, ਜੋ ਕਿ ਵਧੀਆ ਚੱਲ ਪੈਂਦੇ ਹਨ। ਵਿਰਲੇ ਹੋਣ ਦੀ ਸਮੱਸਿਆ ਜ਼ਿਆਦਾਤਰ ਉਨ੍ਹਾਂ ਖੇਤਾਂ ਵਿੱਚ ਪਾਈ ਗਈ ਹੈ ਜਿੱਥੇ ਬੀਜ ਘੱਟ (5-6 ਕਿਲੋ ਪ੍ਰਤੀ ਏਕੜ) ਵਰਤਿਆ ਗਿਆ।

- Advertisement -

ਫ਼ਸਲ ਬੂਝਾ ਨਹੀਂ ਮਾਰ ਰਹੀ

ਇੱਥੇ ਇਹ ਦੱਸਣਾ ਬਣਦਾ ਹੈ ਕਿ ਪਹਿਲਾ ਮਹੀਨਾ ਤਾਂ ਸਿੱਧੀ ਬਿਜਾਈ ਵਾਲਾ ਖੇਤ ਪਨੀਰੀ ਵਾਂਗ ਹੀ ਹੁੰਦਾ ਹੈ । ਜਿਸ ਤਰ੍ਹਾਂ ਝੋਨੇ ਦੀ ਇੱਕ ਮਹੀਨੇ ਦੀ ਪਨੀਰੀ ਦੇ ਇੱਕ-ਇੱਕ ਡਾਲ ਹੀ ਹੁੰਦੇ ਹਨ । ਬਿਜਾਈ ਤੋਂ ੪ ਹਫਤੇ ਬਾਅਦ ਜਦੋਂ ਖਾਦ (ਯੂਰੀਆ, ਜਿੰਕ) ਪਾਈ ਜਾਂਦੀ ਹੈ ਤਾਂ ਬੂਟਾ ਵਧਣ ਲੱਗਦਾ ਹੈ, ਅਗਲੇ 15-20 ਦਿਨਾਂ ਵਿੱਚ ਖੇਤ ਭਰਨ ਲੱਗ ਪੈਂਦਾ ਹੈ ਅਤੇ 60-65 ਦਿਨਾਂ ਵਿੱਚ ਖੇਤ ਨੂੰ ਪੂਰਾ ਢੱਕ ਲੈਂਦਾ ਹੈ। ਕੱਦੂ ਕਰਕੇ ਲਵਾਏ ਝੋਨੇ ਵਾਲਾ ਖੇਤ ਵੀ ਪਨੀਰੀ ਬੀਜਣ ਤੋਂ ਲੈ ਕੇ ਲਗਭਗ 70-75 ਦਿਨਾਂ ਵਿੱਚ ਭਰਦਾ ਹੈ । ਇਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ।

ਫ਼ਸਲ ਪੀਲੀ-ਪੀਲੀ ਲੱਗਦੀ ਹੈ

ਸਿੱਧੀ ਬਿਜਾਈ ਵਾਲੀ ਫ਼ਸਲ ਕੱਦੂ ਕੀਤੇ ਖੇਤ ਨਾਲੋਂ ਹਲਕੀ ਪਿਲੱਤਣ ਵਿੱਚ ਰਹਿੰਦੀ ਹੈ। ਇਸ ਵਿੱਚ ਕੋਈ ਡਰਨ ਦੀ ਲੋੜ ਨਹੀਂ ਕਿਉਂਕਿ ਇਸ ਨਾਲ ਕੀੜੇ ਅਤੇ ਬਿਮਾਰੀ ਘੱਟ ਪੈਂਦੀ ਹੈ। ਫ਼ਸਲ ਨੂੰ ਸਿਫ਼ਾਰਸ਼ ਅਨੁਸਾਰ ਖਾਦ ਪਾਉਣੀ ਬਹੁਤ ਜਰੂਰੀ ਹੈ। ਪਰਮਲ ਝੋਨੇ ਨੂੰ ਤਿੰਨ ਗੱਟੇ ਯੂਰੀਆ (135 ਕਿਲੋ) ਬਿਜਾਈ ਤੋਂ 4,6 ਅਤੇ 9 ਹਫ਼ਤੇ ਤੇ ਬਰਾਬਰ ਕਿਸ਼ਤਾਂ ਵਿੱਚ ਅਤੇ ਬਾਸਮਤੀ ਝੋਨੇ ਨੂੰ 55 ਕਿਲੋ ਯੂਰੀਆ 3,6 ਅਤੇ 9 ਹਫ਼ਤੇ ਦੇ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਓ। ਇਸ ਦੇ ਨਾਲ ਹੀ ਜ਼ਿੰਕ ਸਲਫ਼ੇਟ 10 ਕਿਲੋ (21%) ਜਾਂ 6.5 ਕਿਲੋ 33% ਪ੍ਰਤੀ ਏਕੜ ਦੇ ਹਿਸਾਬ ਨਾਲ ਯੂਰੀਆ ਦੀ ਪਹਿਲੀ ਕਿਸ਼ਤ ਸਮੇਂ ਪਾ ਦਿਓ। ਖਾਦ ਹਮੇਸ਼ਾਂ ਪਾਣੀ ਲਾਉਣ ਤੋਂ ਬਾਅਦ ਵੱਤਰ ਖੇਤ ਵਿੱਚ ਪਾਓ। ਕਈ ਕਿਸਾਨ ਵੀਰ ਯੂਰੀਆ ਖਾਦ ਅਗੇਤੀ ਅਤੇ ਟੋਟਿਆਂ ਵਿੱਚ ਪਾ ਦਿੰਦੇ ਹਨ ਜਿਸ ਦਾ ਪੂਰਾ ਫਾਇਦਾ ਨਹੀਂ ਹੁੰਦਾ । ਸੋ ਯੂਰੀਆ ਦੀ ਪਹਿਲੀ ਕਿਸ਼ਤ ਤਕਰੀਬਨ 28 ਦਿਨਾਂ ਤੇ ਪਾਓ। ਦੇਖਣ ਵਿੱਚ ਆਇਆ ਹੈ ਕਿ ਕਈ ਕਿਸਾਨ ਵੀਰ ਸਿੱਧੀ ਬਿਜਾਈ ਵਾਲੀ ਫ਼ਸਲ ਨੂੰ ਡਾਇਆ, ਸੁਪਰ, ਪੋਟਾਸ਼ ਅਤੇ ਸਲਫ਼ਰ ਆਦਿ ਖਾਦਾਂ ਪਾ ਰਹੇ ਹਨ, ਜਿਨ੍ਹਾਂ ਦਾ ਫ਼ਸਲ ਨੂੰ ਜ਼ਿਆਦਾ ਫਾਇਦਾ ਨਹੀਂ ਹੁੰਦਾ। ਉਲਟਾ ਖਰਚ ਵਧ ਜਾਂਦਾ ਹੈ । ਇਸ ਲਈ ਆਪਣੇ ਖੇਤ ਦੀ ਮਿੱਟੀ ਟੈਸਟ ਕਰਵਾ ਲਓ ਅਤੇ ਜਿਸ ਤੱਤ ਦੀ ਘਾਟ ਹੋਵੇ ਸਿਰਫ ਉਹ ਹੀ ਪਾਉ । ਜੇਕਰ ਨਵੇਂ ਨਿਕਲ ਰਹੇ ਪੱਤੇ ਪੀਲੇ ਹਨ ਤਾਂ ਇੱਕ ਕਿੱਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਏਕੜ ਦੇ ਹਿਸਾਬ ਨਾਲ ਹਫ਼ਤੇ ਦੀ ਵਿੱਥ ਤੇ ਛਿੜਕਾਅ ਕਰ ਦਿਉ। ਜਦੋਂ ਫ਼ਸਲ ਪੀਲੀ ਲੱਗੇ ਤਾਂ ਜੜ੍ਹਾਂ ਪੁੱਟ ਕੇ ਜਰੂਰ ਦੇਖੋ; ਜੇਕਰ ਜੜ੍ਹਾ ਵਿੱਚ ਗੰਢਾਂ ਹੋਣ ਤਾਂ ਨਿਮਾਟੋਡ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਮਾਹਿਰ ਦੀ ਰਾਇ ਲੈ ਕੇ, ਯੋਗ ਉਪਰਾਲੇ ਕਰੋ।

ਝੋਨਾ, ਬਿਨਾ ਪਾਣੀ ਲਾਏ, 21 ਦਿਨ ਰਹਿ ਸਕਦਾ ਹੈ ?

- Advertisement -

ਤਰ ਵੱਤਰ ਹਾਲਤ ਵਿਚ ਤਿਆਰ ਕੀਤੇ ਖੇਤ ਦੀ ਸਿੱਲ੍ਹ ਝੋਨੇ ਦੇ ਪੁੰਗਾਰੇ ਅਤੇ ਬਾਹਰ ਆਉਣ ਲਈ ਬਹੁਤ ਹੁੰਦੀ ਹੈ । ਬਿਜਾਈ ਤੋਂ ਬਾਅਦ ਖੇਤ ਦੀ ਉੱਪਰਲੀ ਪਰਤ ਜਲਦੀ ਸੁੱਕ ਜਾਂਦੀ ਹੈ ਅਤੇ ਉਸਦਾ, ਸਲਾਬ੍ਹ ਵਾਲੀ, ਹੇਠਲੀ ਪਰਤ ਤੋਂ ਲਿੰਕ ਟੁੱਟ ਜਾਂਦਾ ਹੈ । ਇਸ ਕਰਕੇ ਵਾਸ਼ਪੀਕਰਨ ਬਹੁਤ ਘੱਟ ਜਾਂਦਾ ਹੈ ਅਤੇ ਬੀਜ ਦੇ ਜੰਮਣ ਲਈ ਥੱਲੇ ਨਮੀਂ ਬਰਕਰਾਰ ਰਹਿੰਦੀ ਹੈ । ਜੰਮਣ ਤੋਂ ਬਾਅਦ ਝੋਨੇ ਦਾ ਬੂਟਾ ਜ਼ਿਆਦਾ ਜ਼ੋਰ ਜੜ੍ਹਾ ਡੂੰਘੀਆਂ ਲਿਜਾਣ ਤੇ ਲਾਉਂਦਾ ਹੈ ਜੋ ਕਿ ਥੱਲੇ ਸਿਲਾਬ ਵਾਲੀ ਪਰਤ ਵਿਚ ਹੀ ਰਹਿੰਦੀਆਂ ਹਨ । ਬੂਟੇ ਨੇ ਪਾਣੀ ਜੜ੍ਹਾਂ ਰਾਹੀਂ ਹੀ ਲੈਣਾ ਹੈ ਜੋ ਕਿ ਸਲ੍ਹਾਬ ਵਿਚ ਪਈਆ ਰਹਿੰਦੀਆਂ ਹਨ। ਉੱਪਰਲੀ ਪਰਤ ਸੁੱਕਣ ਦਾ ਫਾਇਦਾ ਹੀ ਹੈ ਕਿਉਂਕਿ ਵਾਸ਼ਪੀਕਰਨ ਰਾਹੀਂ ਪਾਣੀ ਦਾ ਖੇਤ ਵਿਚ ਉੱਡਨਾ ਬਹੁਤ ਘੱਟ ਜਾਂਦਾ ਹੈ। ਇਸ ਕਰਕੇ ਝੋਨੇ ਦੇ ਖੇਤ ਨੂੰ ਤਕਰੀਬਨ 21 ਦਿਨ ਤੱਕ ਪਾਣੀ ਲੇਟ ਕੀਤਾ ਜਾ ਸਕਦਾ ਹੈ । ਇਸ ਗੱਲ ਦਾ ਧਿਆਨ ਰਹੇ ਕਿ ਸਿੱਧੀ ਬਿਜਾਈ ਰੇਤਲੀਆਂ ਜ਼ਮੀਨਾਂ ਵਿਚ ਨਾ ਕੀਤੀ ਜਾਵੇ ਕਿਉਂਕਿ ਉੱਥੇ ਸਿਲ੍ਹਾਬ ਜ਼ਿਆਦਾ ਦੇਰ ਨਹੀ ਰਹਿੰਦਾ। ਇਸੇ ਤਰ੍ਹਾਂ ਜ਼ਿਆਦਾ ਭਾਰੀਆਂ ਜ਼ਮੀਨਾਂ ਵਿਚ ਵੀ ਸਹੀ ਵੱਤਰ, ਬਹੁਤ ਥੋੜੇ ਸਮੇਂ (ਕੁਝ ਘੰਟਿਆਂ) ਲਈ ਹੀ ਰਹਿੰਦਾ ਹੈ ਅਤੇ ਜੇਕਰ ਇਸ ਸਮੇਂ ਵਿਚ ਖੇਤ ਤਿਆਰ ਕੀਤਾ ਜਾਵੇ ਤਾਂ ਠੀਕ ਹੈ, ਜੇ ਲੇਟ ਹੋ ਜਾਈਏ ਤਾਂ ਵੱਤਰ ਘੱਟ ਜਾਂਦਾ ਹੈ ਅਤੇ ਜ਼ਮੀਨ ਸਖਤ ਹੋਣ ਕਰਕੇ ਸੁਹਾਗਾ ਵੀ ਚੰਗੀ ਤਰ੍ਹਾਂ ਨਹੀਂ ਵੱਜਦਾ ਜਿਸ ਕਰਕੇ ਖੇਤ ਵਿਚ ਹਵਾ ਫਿਰ ਜਾਂਦੀ ਹੈ ਅਤੇ ਗਿੱਲ੍ਹ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀ । ਇਸ ਕਰਕੇ ਕਿਸਾਨਾਂ ਨੂੰ ਜ਼ਿਆਦਾ ਭਾਰੀਆਂ ਜ਼ਮੀਨਾਂ ਵਿਚ ਵੱਤਰ ਸਮੇਂ ਸਿਰ ਸਾਂਭਣ ਲਈ ਬਹੁਤ ਧਿਆਨ ਰੱਖਣ ਦੀ ਲੋੜ ਹੈ।

ਖੇਤ ਵਿੱਚ ਪਾਣੀ ਖੜ੍ਹਾ ਕਰੀਏ

ਸਿੱਧੀ ਬਿਜਾਈ ਵਾਲੇ ਖੇਤ ਵਿੱਚ ਪਾਣੀ ਖੜ੍ਹਾ ਕਰਨ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਪਾਣੀ ਖੜਾ ਹੋ ਸਕਦਾ ਹੈ । ਪਹਿਲੇ ਪਾਣੀ ਤੋਂ ਬਾਅਦ, 7 ਤੋਂ 10 ਦਿਨ ਦੇ ਵਕਫ਼ੇ ਤੇ, ਹਲਕੇ ਪਾਣੀ, ਜ਼ਮੀਨ ਦੀ ਕਿਸਮ ਅਤੇ ਮੌਸਮ ਦੇ ਅਨੁਸਾਰ ਲਾਉਂਦੇ ਰਹੋ । ਬੱਸ ਇਹ ਧਿਆਨ ਰਹੇ ਕਿ ਖੇਤ ਦੀ ਵੱਤਰ ਬਰਕਰਾਰ ਰੱਖਣੀ ਹੈ, ਨਾ ਹੀ ਪਾਣੀ ਖੜ੍ਹਾ ਕਰਨਾ ਹੈ ਅਤੇ ਨਾ ਹੀ ਸੋਕਾ ਲੁਆਉਣਾ ਹੈ । ਪਾਣੀ ਜ਼ਿਆਦਾ ਦੇਣ ਨਾਲ ਖੁਰਾਕੀ ਤੱਤ ਜਿਵੇਂ ਕਿ ਨਾਈਟ੍ਰੋਜਨ ਜ਼ਮੀਨ ਦੇ ਥੱਲੇ ਰਿਸਕ ਜਾਂਦੇ ਹਨ ਅਤੇ ਬੂਟੇ ਨੂੰ ਨਹੀਂ ਮਿਲਦੇ ਜਿਸ ਕਰਕੇ ਪੂਰੀ ਖਾਦ ਪਾਉਣ ਦੇ ਬਾਵਜੂਦ ਵੀ ਫ਼ਸਲ ਪੀਲੀ ਪੈ ਸਕਦੀ ਹੈ । ਜ਼ਿਆਦਾ ਪਾਣੀ ਦੇਣ ਨਾਲ ਨਦੀਨ ਦੀ ਸਮੱਸਿਆ ਵੀ ਵੱਧ ਸਕਦੀ ਹੈ ।

ਖੇਤ ਵਿੱਚ ਨਦੀਨ ਹੋ ਗਏੇ ਨੇ

ਬਿਜਾਈ ਸਮੇਂ ਪੈਂਡੀਮੈਥਾਲਿਨ ਸਪਰੇਅ ਕਰਨ ਨਾਲ ਫ਼ਸਲ ਸ਼ੁਰੂ ਵਿੱਚ ਨਦੀਨ ਰਹਿਤ ਰਹਿੰਦੀ ਹੈ । ਖੜ੍ਹੀ ਫ਼ਸਲ ਵਿੱਚ ਜੇਕਰ ਨਦੀਨਾਂ ਦੀ ਸਮੱਸਿਆ ਆਉਂਦੀ ਹੈ ਤਾਂ ਹਰ ਤਰ੍ਹਾਂ ਦੇ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਹਨ ਪਰ ਇਹ ਧਿਆਨ ਰਹੇ ਕਿ ਨਦੀਨਾਂ ਦੇ 2-4 ਪੱਤਿਆਂ ਦੀ ਅਵਸਥਾ ਨੂੰ ਵੱਡੇ ਨਾ ਹੋਣ ਦਿਉ ਕਿਉਂਕਿ ਵੱਡੇ ਬੂਟਿਆਂ ਤੇ ਨਦੀਨ ਨਾਸ਼ਕ ਦਾ ਅਸਰ ਘੱਟ ਜਾਂਦਾ ਹੈ । ਜੇਕਰ ਖੇਤ ਵਿੱਚ ਕੱਦੂ ਵਾਲੇ ਝੋਨੇ ਦੇ ਨਦੀਨ ਜਿਵੇਂ ਕਿ ਸਵਾਂਕ, ਸਵਾਂਕੀ, ਝੋਨੇ ਦੇ ਮੋਥੇ ਆਦਿ ਹੋਣ ਤਾਂ ਨੋਮਿਨੀਗੋਲਡ 10 ਤਾਕਤ (ਬਿਸਪਾਇਰੀਬੈਕ ਸੋਡੀਅਮ) 100 ਮਿਲੀ, ਜੇਕਰ ਮਧਾਨਾ, ਮਕੜਾ, ਚੀਨੀ ਘਾਹ ਆਦਿ ਹੋਵੇ ਤਾਂ ਰਾਈਸਸਟਾਰ 6.7 ਤਾਕਤ (ਫਿਨੋਕਸਾਪਰਾਪ) 400 ਮਿਲੀ ਅਤੇ ਜੇਕਰ ਗੰਢੀ ਵਾਲਾ ਮੋਥਾ, ਇੱਟਸਿਟ ਆਦਿ ਹੋਣ ਤਾਂ ਐਲਮਿਕਸ 20 ਤਾਕਤ (ਕਲੋਰੀਮਿਊਰਾਨ ਇਥਾਇਲ+ਮੈਟਸਲਫੂਰਾਨ ਮਿਥਾਇਲ) 8 ਗ੍ਰਾਮ ਪ੍ਰਤੀ ਏਕੜ 150 ਲਿਟਰ ਪਾਣੀ ਵਿੱਚ ਘੋਲ ਕੇ, ਸਵੇਰ ਦੇ ਸਮੇਂ ਸਪਰੇਅ ਕਰੋ । ਜੇਕਰ ਖੇਤ ਵਿੱਚ 2 ਸਪਰੇਅ ਦੀ ਲੋੜ ਪਵੇ ਤਾਂ 4-5 ਦਿਨਾਂ ਦੇ ਵਕਫ਼ੇ ਤੇ ਸਪਰੇਅ ਕਰੋ। ਕਦੇ ਵੀ ਨਦੀਨਨਾਸ਼ਕ ਰਲਾ ਕੇ ਨਾ ਵਰਤੋ।

ਕਿਤੇ ਝਾੜ ਨਾ ਘੱਟ ਜਾਵੇ

ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਕੱਦੂ ਕੀਤੇ ਝੋਨੇ ਦੇ ਲਗਭਗ ਬਰਾਬਰ ਹੀ ਆਉਂਦਾ ਹੈ ਅਤੇ ਮੁਨਾਫ਼ਾ ਕਦੇ ਵੀ ਕੱਦੂ ਕੀਤੇ ਝੋਨੇ ਨਾਲੋਂ ਨਹੀਂ ਘਟਦਾ । ਸੋ ਕਿਸਾਨਾਂ ਨੂੰ ਨਿਸ਼ਚਿੰਤ ਹੋ ਕੇ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ਕਿਉਂਕਿ ਮੁਨਾਫ਼ਾ ਪੂਰਾ ਆਉਣ ਦੇ ਨਾਲ-ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਲੇਬਰ ਦੀ ਸਮੱਸਿਆ ਦਾ ਹੱਲ ਹੁੰਦਾ ਹੈ । ਸਿੱਧੇ ਬੀਜੇ ਝੋਨੇ ਵਾਲੇ ਖੇਤ ਵਿੱਚੋਂ ਅਗਲੀ ਕਣਕ ਦੀ ਫ਼ਸਲ ਦਾ ਝਾੜ, ਕੱਦੂ ਕੀਤੇ ਖੇਤ ਨਾਲੋਂ, 1.0 ਤੋਂ 1.25 ਕੁਇੰਟਲ ਪ੍ਰਤੀ ਏਕੜ ਜ਼ਿਆਦਾ ਆਉਂਦਾ ਹੈ।

ਸੋ ਕਿਸਾਨ ਵੀਰੋ, ਝੋਨੇ ਦੀ ਸਿੱਧੀ ਬਿਜਾਈ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਹਰ ਸਮੱਸਿਆ ਦਾ ਹੱਲ ਹੈ ਅਤੇ ਮਨ ਵਿੱਚ ਕੋਈ ਡਰ ਪੈਦਾ ਕਰਨ ਦੀ ਲੋੜ ਨਹੀਂ । ਕਿਸੇ ਤਰ੍ਹਾਂ ਦੀ ਸਮੱਸਿਆ ਆਵੇ ਤਾਂ ਮਾਹਿਰਾਂ ਨਾਲ ਰਾਬਤਾ ਕਰਕੇ ਉਸਦਾ ਸਹੀ ਹੱਲ ਕਰੋ ਜੀ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:

(ਫਸਲ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ)

ਸੰਪਰਕ : 98728-11350

Share this Article
Leave a comment