ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਸਾਬਕਾ ਆਈਏਐਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਭੇਜਿਆ ਹੈ, ਜਦਕਿ ਇਸ ਦੀ ਕਾਪੀ ਕੌਮੀ ਪ੍ਰਧਾਨ ਜੇਪੀ ਨੱਡਾ, ਜਨਰਲ ਸਕੱਤਰ ਬੀਐਲ ਸੰਤੋਸ਼ ਅਤੇ ਪੰਜਾਬ ਇੰਚਾਰਜ ਵਿਜੇ ਰੂਪਾਨੀ ਨੂੰ ਵੀ ਭੇਜੀ ਗਈ ਹੈ। ਰਾਜੂ ਨੇ ਪਾਰਟੀ ਦੇ ਅੰਦਰੂਨੀ ਤਰੀਕਿਆਂ ਤੋਂ ਨਾਰਾਜ਼ ਹੋ ਕੇ ਇਹ ਕਦਮ ਚੁੱਕਿਆ ਹੈ।
ਸੂਤਰਾਂ ਦੇ ਅਨੁਸਾਰ, ਰਾਜੂ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਕਿ ਪਾਰਟੀ ਦੀਆਂ ਸੰਗਠਨ ਚੋਣਾਂ ਦੌਰਾਨ ਸੰਵਿਧਾਨਕ ਨਿਯਮਾਂ ਦੀ ਉਲੰਘਣਾ ਹੋਈ ਹੈ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਇਹ ਉਲੰਘਣਾ ਪਾਰਟੀ ਦੇ ਕੁਝ ਜ਼ਿਲ੍ਹਾ ਪ੍ਰਧਾਨਾਂ ਦੀ ਲੀਡਰਸ਼ਿਪ ਹੇਠ ਹੋਈ। ਇਸ ਨਾਲ ਜੁੜੀ ਤਫ਼ਸੀਲ ਵਜੋਂ ਉਨ੍ਹਾਂ ਨੇ ਪਾਰਟੀ ਸੰਵਿਧਾਨ ਦੇ ਕੁਝ ਅੰਸ਼ ਵੀ ਪੱਤਰ ਨਾਲ ਲਗਾਏ ਹਨ।
2024 ਦੀਆਂ ਨਗਰ ਨਿਗਮ ਚੋਣਾਂ ਦੀ ਮਿਸਾਲ ਦਿੰਦਿਆਂ ਰਾਜੂ ਨੇ ਕਿਹਾ ਕਿ ਉਸ ਸਮੇਂ ਚੁਣੇ ਹੋਏ ਕੁਝ ਚਹਿਤਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ, ਜਿਸ ਕਾਰਨ ਪਾਰਟੀ ਨੂੰ 85 ਵਿੱਚੋਂ ਸਿਰਫ 8 ਸੀਟਾਂ ਹੀ ਮਿਲੀਆਂ। ਹਾਲਾਂਕਿ, ਅਸਤੀਫਾ ਦੇਣ ਦੇ ਬਾਵਜੂਦ ਉਨ੍ਹਾਂ ਨੇ ਲਿਖਿਆ ਕਿ ਉਹ ਭਾਜਪਾ ਵਿੱਚ ਇੱਕ ਆਮ ਵਰਕਰ ਵਜੋਂ ਕੰਮ ਜਾਰੀ ਰਖਣਗੇ।
ਦੱਸਣਯੋਗ ਹੈ ਕਿ ਜਗਮੋਹਨ ਸਿੰਘ ਰਾਜੂ ਪਹਿਲਾਂ ਇੱਕ ਆਈਏਐਸ ਅਧਿਕਾਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਪ੍ਰਸ਼ਾਸਨ ‘ਚ ਵੀ ਲੰਬੀ ਸੇਵਾ ਨਿਭਾਈ ਹੈ।