ਚੰਡੀਗੜ੍ਹ: ਅਰਵਿੰਦ ਕੇਜਰੀਵਾਲ ਪਿਛਲੇ ਸੱਤ ਸਾਲਾਂ ਵਿੱਚ ਦਿੱਲੀ ਦੇ ਸਕੂਲਾਂ, ਡਿਸਪੈਂਸਰੀਆਂ ਨੂੰ ਸੁਧਾਰਨ ਜਾਂ ਦਿੱਲੀ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਹੁਣ ਉਹ ਦਿੱਲੀ ਦੇ ਫਲਾਪ ਅਤੇ ਅਖੌਤੀ ਰੋਲ ਮਾਡਲ ਨੂੰ ਪੰਜਾਬ ਵਿੱਚ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਹ ਗੱਲ ਦਿੱਲੀ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਅੱਜ ਚੰਡੀਗੜ੍ਹ ਸਥਿਤ ਸੂਬਾ ਭਾਜਪਾ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ।
ਮਨੋਜ ਤਿਵਾਰੀ ਨੇ ਮੀਡੀਆ ਨੂੰ ਦੱਸਿਆ ਕਿ ਕੇਜਰੀਵਾਲ ਦੀ ਨਸ਼ਿਆਂ ਅਤੇ ਸ਼ਰਾਬ ਪ੍ਰਤੀ ਵਚਨਬੱਧਤਾ ਦਾ ਪਰਦਾਫਾਸ਼ ਹੋ ਗਿਆ ਹੈ ਕਿਉਂਕਿ ਪੰਜਾਬੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੇਜਰੀਵਾਲ ਨੇ “ਡਰਾਈ ਡੇਜ਼” ਦੀ ਗਿਣਤੀ 21 ਤੋਂ ਘਟਾ ਕੇ 3 ਕਰ ਦਿੱਤੀ ਹੈ। ਸ਼ਰਾਬ ਦੇ ਠੇਕੇ 220 ਤੋਂ ਵਧਾ ਕੇ 859 ਕਰ ਦਿੱਤੇ ਗਏ ਹਨ। ਸਕੂਲਾਂ ਅਤੇ ਧਾਰਮਿਕ ਸਥਾਨਾਂ ਦੇ ਸਾਹਮਣੇ ਸ਼ਰਾਬ ਵੇਚਣ ਦੀਆਂ ਦੁਕਾਨਾਂ ਖੋਲ ਦਿੱਤੀਆਂ ਹਨ। ਪੰਜਾਬ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਚੁਣਨਾ ਕੇਜਰੀਵਾਲ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਕੇਜਰੀਵਾਲ ਦੀ ਦਿੱਲੀ ਸਰਕਾਰ ਨੂੰ ਪੂਰੀ ਤਰ੍ਹਾਂ ਫੇਲ ਦੱਸਦੇ ਹੋਏ ਤਿਵਾੜੀ ਨੇ ਕਿਹਾ ਕਿ ਦਿੱਲੀ ‘ਚ ਜਲ ਬੋਰਡ ਹਮੇਸ਼ਾ 600 ਕਰੋੜ ਦੇ ਮੁਨਾਫੇ ‘ਚ ਚੱਲਦਾ ਸੀ ਪਰ ਅੱਜ ਇਸ ਨੂੰ 6200 ਕਰੋੜ ਦਾ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਫੈਲੇ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਨੇ ਇਸ ਗੜਬੜ ਨੂੰ ਜਨਮ ਦਿੱਤਾ ਹੈ। ਦਿੱਲੀ ਵਿੱਚ ਵਪਾਰਕ ਵਰਤੋਂ ਲਈ ਦੇਸ਼ ਵਿੱਚ ਸਭ ਤੋਂ ਮਹਿੰਗੀਆਂ ਬਿਜਲੀ ਦਰਾਂ ਹਨ। ਆਮ ਆਦਮੀ ਪਾਰਟੀ ਝੂਠ ਦਾ ਪੁਲੰਦਾ ਅਤੇ ਲੋਕਾਂ ਨੂੰ ਲੁੱਟਣ ਤੋਂ ਸਿਵਾਏ ਕੁਝ ਨਹੀਂ।
ਮਨੋਜ ਤਿਵਾਰੀ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਦਿੱਲੀ ਵਿੱਚ ਕੇਜਰੀਵਾਲ ਵਲੋਂ ‘ਮੁਹੱਲਾ ਕਲੀਨਿਕਾਂ’ ਵਜੋਂ ਸਿਹਤ ਦਾ ਬੁਨਿਆਦੀ ਢਾਂਚਾ ਅਸਲ ਵਿੱਚ ਮੌਜੂਦ ਨਹੀਂ ਹੈ, ਕਿਉਂਕਿ ਦਿੱਲੀ ਹਾਈ ਕੋਰਟ ਨੇ ਵੀ ਮਈ 2021 ਵਿੱਚ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ‘ਦਿੱਲੀ ਵਿੱਚ ਸੂਬਾ ਸਰਕਾਰ ਕੋਵਿਡ ਦੇ ਮਰੀਜ਼ਾਂ ਲਈ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਫੇਲ੍ਹ ਹੋਈ ਹੈI ਬਦਕਿਸਮਤੀ ਨਾਲ, ਦਿੱਲੀ ਵਿੱਚ ਹਾਲ ਹੀ ਵਿੱਚ ਤਿੰਨ ਬੱਚਿਆਂ ਦੀਆਂ ਹੋਈਆਂ ਮੌਤਾਂ ਲਈ ਦਿੱਲੀ ਸਰਕਾਰ ਦੀ ਮਾੜੀ ਸਿਹਤ ਪ੍ਰਣਾਲੀ ਜ਼ਿੰਮੇਵਾਰ ਸੀ, ਕਿਉਂਕਿ ਜੋ ਦਵਾਈ ਉਨ੍ਹਾਂ ਨੂੰ ਦਿੱਤੀ ਗਈ ਸੀ, ਉਹ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਸੀ।