ਨਿਊਜ਼ ਡੈਸਕ: ਪਾਕਿਸਤਾਨ ਵਿੱਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹਾਲਤ ਵਿੱਚ ਪਹੁੰਚ ਗਈ ਹੈ। ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਪੰਜਾਬ, ਪਾਕਿਸਤਾਨ ਦੇ 2 ਸਭ ਤੋਂ ਵੱਡੇ ਸ਼ਹਿਰ ਲਾਹੌਰ ਅਤੇ ਮੁਲਤਾਨ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 2000 ਤੱਕ ਪਹੁੰਚ ਗਿਆ ਹੈ। ਸਾਹ ਦੀਆਂ ਬਿਮਾਰੀਆਂ ਕਾਰਨ ਲੋਕ ਲਗਾਤਾਰ ਹਸਪਤਾਲ ਵਿੱਚ ਦਾਖ਼ਲ ਹੋ ਰਹੇ ਹਨ।
ਪੰਜਾਬ ਸਰਕਾਰ ਨੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਸੂਬੇ ਵਿੱਚ ਮੈਡੀਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਲਾਹੌਰ ਅਤੇ ਮੁਲਤਾਨ ਵਿੱਚ ਲੌਕਡਾਊਨ ਲਗਾਇਆ ਗਿਆ ਹੈ। ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਰਿਪੋਰਟ ਅਨੁਸਾਰ ਪੰਜਾਬ ਸਰਕਾਰ ਨੇ ਲਾਹੌਰ ਅਤੇ ਮੁਲਤਾਨ ਵਿੱਚ ਹਫ਼ਤੇ ਵਿੱਚ 3 ਦਿਨ ਤਾਲਾਬੰਦੀ ਦਾ ਹੁਕਮ ਦਿੱਤਾ ਹੈ। ਹੁਕਮਾਂ ਅਨੁਸਾਰ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਦੋਵੇਂ ਵੱਡੇ ਸ਼ਹਿਰਾਂ ਵਿੱਚ ਮੁਕੰਮਲ ਤਾਲਾਬੰਦੀ ਰਹੇਗੀ। ਜਦੋਂਕਿ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਸਥਿਤੀ ‘ਤੇ ਨਜ਼ਰ ਰੱਖੀ ਜਾਵੇਗੀ। ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ।
ਪਾਕਿਸਤਾਨ ਦੀ ਵਾਤਾਵਰਣ ਸੁਰੱਖਿਆ ਮੰਤਰੀ ਮਰੀਅਮ ਔਰੰਗਜ਼ੇਬ ਨੇ ਸ਼ਨੀਵਾਰ, 16 ਨਵੰਬਰ ਤੋਂ ਲਾਹੌਰ ਅਤੇ ਮੁਲਤਾਨ ਵਿੱਚ ਪੁਰਾਣੇ ਵਾਹਨਾਂ ਅਤੇ ਨਿਰਮਾਣ ਕਾਰਜਾਂ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਲੰਘਣਾ ਕਰਨ ਵਾਲਿਆਂ ‘ਤੇ ਭਾਰੀ ਜੁਰਮਾਨਾ ਵੀ ਲਗਾਇਆ ਜਾਵੇਗਾ।