ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੀਤਾ ਅਮਰੀਕਾ-ਮੈਕਸੀਕੋ ਸਰਹੱਦ ਦਾ ਦੌਰਾ

Prabhjot Kaur
2 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਟੈਕਸਸ ਦੇ ਅਲ ਪਾਸੋ ਸ਼ਹਿਰ ਵਿੱਚ ਅਮਰੀਕਾ-ਮੈਕਸੀਕੋ ਸਰਹੱਦ ਦਾ ਦੌਰਾ ਕੀਤਾ। ਅਹੁਦਾ ਸੰਭਾਲਣ ਤੋਂ ਬਾਅਦ ਜੋਅ ਬਾਇਡਨ ਦੀ ਸਰਹੱਦ ਦੀ ਇਹ ਪਹਿਲੀ ਯਾਤਰਾ ਹੈ। ਇਸ ਦੌਰਾਨ ਬਾਇਡਨ ਨੇ ਸਰਹੱਦ ‘ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ, ਸਥਾਨਕ ਆਗੂਆਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਹ ਉੱਤਰੀ ਅਮਰੀਕੀ ਨੇਤਾਵਾਂ ਦੇ ਸੰਮੇਲਨ ‘ਚ ਸ਼ਾਮਲ ਹੋਣ ਲਈ ਮੈਕਸੀਕੋ ਸਿਟੀ ਗਏ।

ਟੈਕਸਸ ਦੇ ਗਵਰਨਰ ਗ੍ਰੇਗ ਐਬੋਟ ਨੇ ਹਵਾਈ ਅੱਡੇ ‘ਤੇ ਬਾਇਡਨ ਦਾ ਸਵਾਗਤ ਕੀਤਾ। ਗ੍ਰੇਗ ਨੇ ਫਿਰ ਬਾਇਡਨ ਨੂੰ ਇੱਕ ਪੱਤਰ ਸੌਂਪਿਆ ਜਿਸ ਵਿੱਚ ਉਨ੍ਹਾਂ ਦੇ ਦੌਰੇ ਨੂੰ ਇੱਕ ਫੋਟੋਸ਼ੂਟ ਵਜੋਂ ਦਰਸਾਇਆ ਗਿਆ ਸੀ। ਗ੍ਰੇਗ ਨੇ ਬਾਇਡਨ ਨੂੰ ਸਰਹੱਦ ਦੀ ਕੰਧ ਦਾ ਕੰਮ ਮੁੜ ਸ਼ੁਰੂ ਕਰਨ ਲਈ ਵੀ ਕਿਹਾ।

ਬਾਇਡਨ ਨੇ ਅਮਰੀਕਾ ਵਿੱਚ ਸ਼ਰਣ ਮੰਗਣ ਵਾਲਿਆਂ ਦੀ ਵਧ ਰਹੀ ਗਿਣਤੀ ਨਾਲ ਨਜਿੱਠਣ ਲਈ 5 ਜਨਵਰੀ ਨੂੰ ਨਵੇਂ ਨਿਯਮ ਪੇਸ਼ ਕੀਤੇ। ਇਸ ਦੇ ਤਹਿਤ ਵੈਨੇਜ਼ੁਏਲਾ, ਕਿਊਬਾ, ਹੈਤੀ ਅਤੇ ਨਿਕਾਰਾਗੁਆ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸਰਹੱਦ ‘ਤੇ ਹੀ ਰੋਕਿਆ ਜਾ ਸਕੇਗਾ। ਮੈਕਸੀਕੋ ਇਨ੍ਹਾਂ ਸਾਰੇ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਸ਼ਰਣ ਦੇਣ ਲਈ ਸਹਿਮਤ ਹੋ ਗਿਆ ਹੈ। ਅਮਰੀਕਾ ਨੇ ਹਰ ਮਹੀਨੇ ਇਨ੍ਹਾਂ ਚਾਰ ਦੇਸ਼ਾਂ ਦੇ 30,000 ਲੋਕਾਂ ਨੂੰ ਕਾਨੂੰਨੀ ਸ਼ਰਨ ਦੇਣ ਦੀ ਗੱਲ ਵੀ ਕੀਤੀ ਹੈ।

ਬਾਇਡਨ ਦੇ ਕਾਰਜਕਾਲ ਦੌਰਾਨ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਬਹੁਤ ਵਧੀ ਹੈ। ਭਾਵੇਂ ਉਹ ਕਾਨੂੰਨੀ ਸ਼ਰਨ ਲੈਣ ਵਾਲੇ ਹੋਣ ਜਾਂ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀ। ਅਕਤੂਬਰ 2021 ਅਤੇ ਸਤੰਬਰ 2022 ਦੇ ਵਿਚਾਲੇ ਅਮਰੀਕੀ ਅਧਿਕਾਰੀਆਂ ਨੇ ਮੈਕਸੀਕੋ ਸਰਹੱਦ ‘ਤੇ ਰਿਕਾਰਡ 2.2 ਮਿਲੀਅਨ ਪ੍ਰਵਾਸੀਆਂ ਨੂੰ ਕਾਬੂ ਕੀਤਾ।

- Advertisement -

Share this Article
Leave a comment