ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ਉੱਤੇ ਤੰਬਾਕੂ ਦੇ ਸੇਵਨ ‘ਤੇ ਹੋਵੇਗੀ ਪਾਬੰਦੀ: ਸਿਬਿਨ ਸੀ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸੂਬੇ ਦੇ ਸਾਰੇ ਪੋਲਿੰਗ ਬੂਥਾਂ ਨੂੰ ਤੰਬਾਕੂ-ਰਹਿਤ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਬੂਥਾਂ ‘ਤੇ ਸਿਗਰਟ, ਬੀੜੀ ਅਤੇ ਹੋਰ ਤੰਬਾਕੂ ਉਤਪਾਦਾਂ ਦੇ ਸੇਵਨ ‘ਤੇ ਸਖ਼ਤ ਪਾਬੰਦੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ‘ਤੇ ਤੰਬਾਕੂ ਦੇ ਸੇਵਨ ‘ਤੇ ਲਗਾਈ ਗਈ ਇਸ ਪਾਬੰਦੀ ਨੂੰ ਯਕੀਨੀ ਬਣਾਉਣ ਲਈ ਹਰੇਕ ਪੋਲਿੰਗ ਬੂਥ ਦੇ ਪ੍ਰੀਜ਼ਾਈਡਿੰਗ ਅਫ਼ਸਰ ਨੂੰ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਹ ਮਹੱਤਵਪੂਰਨ ਕਦਮ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵੋਟਰਾਂ ਲਈ ਸੁਰੱਖਿਅਤ ਅਤੇ ਉਸਾਰੂ ਮਾਹੌਲ ਯਕੀਨੀ ਬਣਾਉਣ ਲਈ ਦਫ਼ਤਰ, ਮੁੱਖ ਚੋਣ ਅਫ਼ਸਰ ਦੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ਨੂੰ ਤੰਬਾਕੂ-ਰਹਿਤ ਖੇਤਰ ਘੋਸ਼ਿਤ ਕਰਨ ਦਾ ਮੰਤਵ ਤੰਬਾਕੂ ਦਾ ਸੇਵਨ ਨਾ ਕਰਨ ਵਾਲਿਆਂ ਨੂੰ ਇਸਦੇ ਧੂੰਏਂ ਦੇ ਸੰਪਰਕ ਤੋਂ ਬਚਾਉਣਾ ਅਤੇ ਲੋਕਾਂ ਨੂੰ ਤੰਦਰੁਸਤ ਸਿਹਤ ਪ੍ਰਤੀ ਉਤਸ਼ਾਹਿਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਅਤੇ ਇਸ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕੈਂਸਰ, ਦਿਲ ਦੀਆਂ ਬਿਮਾਰੀਆਂ, ਫੇਫੜਿਆਂ ਦੇ ਗੰਭੀਰ ਰੋਗ ਅਤੇ ਅੰਨ੍ਹੇਪਣ ਆਦਿ ‘ਤੇ ਕਾਬੂ ਪਾਉਣ ਲਈ ਚਲਾਈਆਂ ਜਾ ਰਹੀਆਂ ਵਿਆਪਕ ਜਨਤਕ ਸਿਹਤ ਮੁਹਿੰਮਾਂ ਅਤੇ ਕਾਨੂੰਨੀ ਤੇ ਹੋਰ ਪੱਧਰਾਂ ‘ਤੇ ਕੀਤੇ ਜਾ ਰਹੇ ਯਤਨਾਂ ਦਾ ਵੀ ਹਿੱਸਾ ਹੈ।

Share This Article
Leave a Comment