ਨਿਊਜ਼ ਡੈਸਕ: ਹੁਣ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਥਾਂ ਉਮੀਦਵਾਰ ਹੋ ਸਕਦੀ ਹੈ। ਇੱਕ ਸਰਵੇਖਣ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦੇ ਹੱਕ ਵਿੱਚ ਨਤੀਜੇ ਆਏ ਹਨ। ਇੱਕ ਸਰਵੇਖਣ ਅਨੁਸਾਰ, ਲਗਭਗ ਅੱਧੇ ਡੈਮੋਕਰੇਟਸ ਨੇ ਕਿਹਾ ਕਿ ਜੋਅ ਬਾਇਡਨ ਦੀ ਥਾਂ ਕਿਸੇ ਹੋਰ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਹੋਣਾ ਚਾਹੀਦਾ ਹੈ। ਇਸ ਸਰਵੇਅ ‘ਚ 48 ਫੀਸਦੀ ਲੋਕਾਂ ਨੇ ਕਿਹਾ ਕਿ ਅਸੀਂ ਪਾਰਟੀ ਨੂੰ ਬਾਇਡਨ ਦੀ ਥਾਂ ਕਿਸੇ ਹੋਰ ਯੋਗ ਉਮੀਦਵਾਰ ਨੂੰ ਮੈਦਾਨ ‘ਚ ਉਤਾਰਨ ਦਾ ਅਧਿਕਾਰ ਦਿੰਦੇ ਹਾਂ। ਅਮਰੀਕਾ ਵਿੱਚ ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਹਾਲਾਂਕਿ ਇਸ ਸਰਵੇ ‘ਚ 38 ਫੀਸਦੀ ਡੈਮੋਕਰੇਟਸ ਦੀ ਰਾਏ ਸੀ ਕਿ ਜੋਅ ਬਾਇਡਨ ਨੂੰ ਇੱਕ ਹੋਰ ਮੌਕਾ ਮਿਲਣਾ ਚਾਹੀਦਾ ਹੈ।
ਹੁਣ ਜੇਕਰ ਵਿਕਲਪਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ 20 ਫੀਸਦੀ ਲੋਕਾਂ ਨੇ ਮਿਸ਼ੇਲ ਓਬਾਮਾ ਦੇ ਨਾਂ ਦਾ ਸਮਰਥਨ ਕੀਤਾ। ਇਨ੍ਹਾਂ ਲੋਕਾਂ ਨੇ ਕਿਹਾ ਕਿ 81 ਸਾਲਾ ਜੋਅ ਬਾਇਡਨ ਦੀ ਥਾਂ ਮਿਸ਼ੇਲ ਓਬਾਮਾ ਵਧੀਆ ਵਿਕਲਪ ਹੋ ਸਕਦੀ ਹੈ। ਮਿਸ਼ੇਲ ਓਬਾਮਾ ਤੋਂ ਇਲਾਵਾ ਉਪ ਰਾਸ਼ਟਰਪਤੀ ਕਮਲਾ ਹੈਰਿਸ, ਸਾਬਕਾ ਸਕੱਤਰ ਹਿਲੇਰੀ ਕਲਿੰਟਨ, ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਅਤੇ ਮਿਸ਼ੀਗਨ ਦੇ ਗਵਰਨਰ ਗ੍ਰੇਚੇਨ ਵਿਟਮਰ ਨੂੰ ਵੀ ਦੌੜ ਵਿਚ ਸ਼ਾਮਲ ਮੰਨਿਆ ਜਾ ਰਿਹਾ ਹੈ। ਕਮਲਾ ਹੈਰਿਸ ਨੂੰ ਕਰੀਬ 15 ਫੀਸਦੀ ਵੋਟਾਂ ਮਿਲੀਆਂ, ਜਦੋਂ ਕਿ ਹਿਲੇਰੀ ਕਲਿੰਟਨ ਅਤੇ ਡੋਨਲਡ ਟਰੰਪ ਨੂੰ 12 ਫੀਸਦੀ ਵੋਟਾਂ ਮਿਲੀਆਂ।
ਮਿਸ਼ੇਲ ਓਬਾਮਾ ਬਾਰੇ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਖੁਦ ਰਾਸ਼ਟਰਪਤੀ ਚੋਣ ਲੜਨ ਦੀ ਇੱਛੁਕ ਹੈ ਅਤੇ ਪਾਰਟੀ ‘ਚ ਵੀ ਉਨ੍ਹਾਂ ਦੇ ਨਾਂ ‘ਤੇ ਸਮਰਥਨ ਹੈ। ਦਰਅਸਲ, ਡੈਮੋਕ੍ਰੇਟਿਕ ਪਾਰਟੀ ਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਡੋਨਲਡ ਟਰੰਪ ਜੋਅ ਬਾਇਡਨ ਦੇ ਖਿਲਾਫ ਉਮੀਦਵਾਰ ਬਣਦੇ ਹਨ, ਤਾਂ ਇਸ ਨਾਲ ਕੋਈ ਚੰਗਾ ਸੰਦੇਸ਼ ਨਹੀਂ ਜਾਵੇਗਾ। ਟਰੰਪ ਵਰਗੇ ਨੇਤਾ ਦੀ ਤੁਲਨਾ ‘ਚ ਜੋਅ ਬਾਇਡਨ ਦਾ ਅਕਸ ਨਰਮ ਨੇਤਾ ਦਾ ਹੈ। ਅਜਿਹੇ ‘ਚ ਉਹ ਥੋੜ੍ਹਾ ਕਮਜ਼ੋਰ ਨਜ਼ਰ ਆ ਸਕਦਾ ਹੈ। ਇਸ ਦੇ ਨਾਲ ਹੀ ਜੋਅ ਬਾਇਡਨ ਫਿਲਹਾਲ ਆਪਣਾ ਦਾਅਵਾ ਛੱਡਣ ਲਈ ਤਿਆਰ ਨਹੀਂ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਯੋਗ ਉਮੀਦਵਾਰ ਹਨ। ਹਾਲਾਂਕਿ ਪੋਲ ‘ਚ ਉਨ੍ਹਾਂ ਦੀ ਵਧਦੀ ਉਮਰ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ।