ਧੋਖਾਧੜੀ ਮਾਮਲੇ ‘ਚ ਬੁਰੀ ਤਰ੍ਹਾਂ ਫਸੇ ਡੋਨਲਡ ਟਰੰਪ

Global Team
2 Min Read

ਵਾਸ਼ਿੰਗਟਨ: ਅਮਰੀਕਾ ਦੀ ਇੱਕ ਅਦਾਲਤ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਭਾਰੀ ਜੁਰਮਾਨਾ ਲਗਾਇਆ ਹੈ। ਨਿਊਯਾਰਕ ਦੀ ਇੱਕ ਅਦਾਲਤ ਦੇ ਜੱਜ ਆਰਥਰ ਐਂਗੋਰੋਨ ਨੇ ਧੋਖਾਧੜੀ ਦੇ ਮਾਮਲੇ ‘ਚ ਟਰੰਪ ਅਤੇ ਉਨ੍ਹਾਂ ਦੀਆਂ ਕੰਪਨੀਆਂ ਨੂੰ ਲਗਭਗ 35.5 ਮਿਲੀਅਨ ਡਾਲਰ ਯਾਨੀ 29.46 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਦੇ ਹੁਕਮਾਂ ‘ਚ ਕਿਹਾ ਹੈ ਕਿ ਟਰੰਪ ਨੂੰ ਜੁਰਮਾਨੇ ਦੀ ਉਸ ਰਕਮ ‘ਤੇ ਲੱਖਾਂ ਡਾਲਰ ਦਾ ਵਿਆਜ ਵੀ ਅਦਾ ਕਰਨਾ ਹੋਵੇਗਾ।

ਇਸ ਤੋਂ ਇਲਾਵਾ ਅਦਾਲਤ ਨੇ ਡੋਨਲਡ ਟਰੰਪ ‘ਤੇ ਨਿਊਯਾਰਕ ਦੀ ਕਿਸੇ ਕਾਰਪੋਰੇਸ਼ਨ ‘ਚ ਅਧਿਕਾਰੀ ਜਾਂ ਡਾਇਰੈਕਟਰ ਵਜੋਂ ਕੰਮ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਟਰੰਪ ਕਿਸੇ ਹੋਰ ਕਾਨੂੰਨੀ ਅਦਾਰੇ ਵਿੱਚ ਤਿੰਨ ਸਾਲਾਂ ਤੱਕ ਕੋਈ ਵੀ ਅਹੁਦਾ ਨਹੀਂ ਸੰਭਾਲ ਸਕਦੇ ਹਨ ਅਤੇ ਆਪਣੀ ਰਜਿਸਟਰਡ ਕੰਪਨੀ ਲਈ ਕਿਸੇ ਵਿੱਤੀ ਸੰਸਥਾ ਤੋਂ ਕਰਜ਼ੇ ਲਈ ਵੀ ਅਰਜ਼ੀ ਨਹੀਂ ਦੇ ਸਕਦੇ।

ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਡੋਨਲਡ ਟਰੰਪ ਨੇ ਕਰਜ਼ਦਾਤਾਵਾਂ ਨਾਲ ਧੋਖਾਧੜੀ ਕੀਤੀ ਹੈ ਅਤੇ ਆਪਣੀਆਂ ਕੰਪਨੀਆਂ ਦੇ ਸੰਪਤੀ ਮੁੱਲ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਹੈ। ਮੈਨਹਟਨ ਕੋਰਟ ਦੇ ਇਸ 90 ਪੰਨਿਆਂ ਦੇ ਫੈਸਲੇ ਕਾਰਨ ਡੋਨਲਡ ਟਰੰਪ ਦਾ ਰੀਅਲ ਅਸਟੇਟ ਸਾਮਰਾਜ ਖ਼ਤਰੇ ਵਿਚ ਹੈ। ਇਸ ਮਾਮਲੇ ਦੀ ਸੁਣਵਾਈ ਕਰੀਬ ਤਿੰਨ ਮਹੀਨਿਆਂ ਤੋਂ ਅਦਾਲਤ ਵਿੱਚ ਚੱਲ ਰਹੀ ਸੀ।

ਅਦਾਲਤ ਨੇ ਟਰੰਪ ਦੇ ਦੋ ਪੁੱਤਰਾਂ ਡੋਨਲਡ ਜੂਨੀਅਰ ਅਤੇ ਐਰਿਕ ‘ਤੇ ਵੀ ਜੁਰਮਾਨਾ ਲਗਾਇਆ ਹੈ, ਜੋ 2017 ਤੋਂ ਟਰੰਪ ਸੰਗਠਨ ਦੇ ਮੁਖੀ ਹਨ। ਦੋਵਾਂ ਪੁੱਤਰਾਂ ਨੂੰ ਧੋਖਾਧੜੀ ਰਾਹੀਂ ਨਿੱਜੀ ਲਾਭ ਕਮਾਉਣ ਦੇ ਦੋਸ਼ ਹੇਠ 4 ਮਿਲੀਅਨ ਡਾਲਰ ਜਾਂ 33.19 ਕਰੋੜ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅਦਾਲਤ ਨੇ ਦੋਵਾਂ ‘ਤੇ ਟਰੰਪ ਆਰਗੇਨਾਈਜ਼ੇਸ਼ਨ ‘ਚ ਅਫਸਰ ਵਜੋਂ ਕੰਮ ਕਰਨ ‘ਤੇ ਦੋ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ।

Share This Article
Leave a Comment