ਬਰੈਂਪਟਨ: ਮਿਸੀਸਾਗਾ ਦੀ ਮਸਜਿਦ ‘ਚ ਕਤਲੇਆਮ ਦੇ ਇਰਾਦੇ ਨਾਲ ਦਾਖਲ ਹੋਏ ਮੁਹੰਮਦ ਮੋਇਜ਼ ਓਮਰ ਨੂੰ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਨੇ ਪਿਛਲੇ ਹਫਤੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਪਬਲਿਕ ਪ੍ਰੋਸੀਕਿਊਸ਼ਨ ਸਰਵਿਸ ਆਫ ਕੈਨੇਡਾ ਨੇ ਕਿਹਾ ਕਿ ਮੋਇਜ਼ ਦੀ ਸਜ਼ਾ ਇਸ ਕਿਸਮ ਦੇ ਅਪਰਾਧਾਂ ‘ਚ ਮਿਲਦੀ ਸਜ਼ਾ ਤੋਂ ਜ਼ਿਆਦਾ ਹੈ ਕਿਉਂਕਿ ਇੱਥੇ ਅੱਤਵਾਦ ਦੀ ਝਲਕ ਵੀ ਨਜ਼ਰ ਆਉਂਦੀ ਹੈ। ਫੈਡਰਲ ਪ੍ਰੋਸੀਕਿਊਟਰ ਸਾਰਾਹ ਸ਼ੇਖ ਨੇ ਕਿਹਾ ਕਿ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਹਮਲਾ ਕੀਤਾ ਗਿਆ ਅਤੇ ਉਸ ਵੇਲੇ ਮਸਜਿਦ ਵਿੱਚ ਕਈ ਨਮਾਜੀ ਮੌਜੂਦ ਸਨ।
ਕੈਨੇਡੀਅਨ ਸਮਾਜ ਵਿੱਚ ਹਰ ਸ਼ਖਸ ਨੂੰ ਆਪਣੀ ਮਰਜ਼ੀ ਮੁਤਾਬਕ ਧਰਮ ਮੰਨਣ ਅਤੇ ਇਬਾਦਤ ਕਰਨ ਦੀ ਆਜਾਦੀ ਹੈ ਪਰ ਮੋਇਜ਼ ਸੰਭਾਵਤ ਤੌਰ ‘ਤੇ ਇਹ ਗੱਲ ਭੁੱਲ ਗਿਆ। ਮੋਇਜ਼ ਨੂੰ ਮਿਲੀ ਸਜ਼ਾ ਜੁਰਮ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ ਅਤੇ ਸਮਾਜ ਵੱਲੋਂ ਅਜਿਹੇ ਅਪਰਾਧ ਕਰਨ ਵਾਲਿਆਂ ਦੀ ਕੀਤੀ ਜਾਂਦੀ ਤਿੱਖੀ ਨੁਕਤਾਚੀਨੀ ਨੂੰ ਵੀ। ਬਰੈਂਪਟਨ ਵਿਖੇ ਓਨਟਾਰੀਓ ਸੁਪੀਰੀਅਰ ਕੋਰਟ ਵੱਲੋਂ ਸੁਣਾਏ ਫੈਸਲੇ ਮੁਤਾਬਕ ਮੋਇਜ਼ ਚਾਰ ਸਾਲ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਹੀ ਪੈਰੋਲ ਵਾਸਤੇ ਦਰਖਾਸਤ ਦੇ ਸਕਦਾ ਹੈ।
ਦੱਸ ਦਈਏ ਕਿ ਅਦਾਲਤੀ ਸੁਣਵਾਈ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਮੁਹੰਮਦ ਮੋਇਜ਼ ਓਮਰ ਇੱਕ ਸਾਲ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਉਸ ਦੇ ਮਨ ‘ਚ ਮੁਸਲਮਾਨਾਂ ਪ੍ਰਤੀ ਸਖ਼ਤ ਨਫਰਤ ਭਰ ਗਈ ਅਤੇ ਉਹ ਭਾਈਚਾਰੇ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਦੀ ਤਾਕ ‘ਚ ਸੀ। ਅਦਾਲਤ ‘ਚ ਪੜ੍ਹੇ ਗਏ ਬਿਆਨ ਮੁਤਾਬਕ 19 ਮਾਰਚ 2022 ਦੀ ਸਵੇਰ ‘ਡਾਰ ਅਲ-ਤੋਹੀਦ ਇਸਲਾਮਿਕ ਸੈਂਟਰ’ ਵਿਚ ਦਾਖਲ ਹੋਏ ਮੁਹੰਮਦ ਮੋਇਜ਼ ਓਮਰ ਨੇ ਸਭ ਤੋਂ ਪਹਿਲਾਂ ਮਸਜਿਦ ਵਿਚ ਮੌਜੂਦ ਲੋਕਾਂ ‘ਤੇ ਬੀਅਰ ਸਪ੍ਰੇਅ ਛਿੜਕਿਆ ਅਤੇ ਫਿਰ ਕੁਹਾੜੀ ਲਹਿਰਾਉਣ ਲੱਗਾ। ਕੁਹਾੜੀ ਤੋਂ ਇਲਾਵਾ ਉਸ ਕੋਲ ਕਈ ਕਿਸਮ ਦੇ ਤੇਜਧਾਰ ਹਥਿਆਰ ਸਨ। ਘਟਨਾਕ੍ਰਮ ‘ਤੇ ਚਾਨਣਾ ਪਾਉਂਦੇ ਬਿਆਨ ਰਾਹੀਂ ਦੱਸਿਆ ਗਿਆ ਕਿ ਮਸਜਿਦ ਵਿਚ ਸਵੇਰ ਦੀ ਨਮਾਜ ਵੇਲੇ ਤਕਰੀਬਨ 20 ਜਣੇ ਮੌਜੂਦ ਸਨ ਅਤੇ ਅਚਾਨਕ ਅੰਦਰ ਦਾਖਲ ਹੋਏ ਹਮਲਾਵਰ ਨੇ ਮਸਜਿਦ ਵਿਚ ਮੌਜੂਦ ਲੋਕਾਂ ‘ਤੇ ਬੀਅਰ ਸਪ੍ਰੇਅ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨੇ ਸ਼ੁਰੂ ਕਰਦਾ, ਕੁਝ ਬਹਾਦਰ ਸ਼ਰਧਾਲੂਆਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਆਉਣ ਤੱਕ ਹਿਲਣ ਨਾ ਦਿੱਤਾ।
ਅਦਾਲਤ ਵਿਚ ਦਰਜ ਬਿਆਨ ਮੁਤਾਬਕ ਮੁਹੰਮਦ ਮੋਇਜ਼ ਓਮਰ ਮਸਜਿਦ ਵਿਚ ਮੌਜੂਦ ਨਮਾਜੀਆਂ ਨੂੰ ਅਤਿਵਾਦੀ ਦੱਸ ਰਿਹਾ ਸੀ। ਇਸਲਾਮ ਪ੍ਰਤੀ ਉਸ ਦੀ ਨਫਰਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਓਮਰ ਨੇ ਪੁਲਿਸ ਦੀ ਪੁੱਛ- ਪੜਤਾਲ ਦੌਰਾਨ ਇਸਲਾਮ ਨੂੰ ਹਿੰਸਕ ਧਰਮ ਦੱਸਿਆ। ਸਿਰਫ ਇਥੇ ਹੀ ਬੱਸ ਨਹੀਂ, ਉਸ ਨੇ ਪੁਲਿਸ ਅੱਗੇ ਮੰਨਿਆ ਕਿ ਉਹ ਹਮਲੇ ਵਾਸਤੇ ਪਸਤੌਲਾਂ ਖਰੀਦਣ ਦੇ ਯਤਨ ਕਰ ਰਿਹਾ ਸੀ ਪਰ ਸਫਲ ਨਾ ਹੋਇਆ। ਇਸ ਮਗਰੋਂ ਉਸ ਨੇ ਬੰਬ ਤਿਆਰ ਕਰਨ ਮਨ ਬਣਾਇਆ ਪਰ ਲੋੜੀਂਦੀ ਮੁਹਾਰਤ ਨਾ ਹੋਣ ਕਾਰਨ ਇਹ ਵਿਚਾਰ ਵੀ ਛੱਡਣਾ ਪਿਆ। ਓਮਰ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਮਾਰਚ 2019 ਵਿਚ ਨਿਊਜ਼ੀਲੈਂਡ ਦੇ ਮਸਜਿਦ ‘ਤੇ ਹੋਏ ਹਮਲੇ ਦੀ ਵੀਡੀਓ ਫੁਟੇਜ ਵੀ ਮਿਲੀ। ਨਿਊਜ਼ੀਲੈਂਡ ਵਿਚ ਬੰਦੂਕਤਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾਉਂਦਿਆਂ 51 ਜਣਿਆਂ ਦੀ ਹੱਤਿਆ ਕਰ ਦਿੱਤੀ ਸੀ।