ਵਰਜੀਨੀਆ: ਅਮਰੀਕਾ ‘ਚ 6 ਸਾਲ ਦੇ ਬੱਚੇ ਵੱਲੋਂ ਆਪਣੇ ਅਧਿਆਪਕ ਨੂੰ ਗੋਲੀ ਮਾਰਨ ਦੇ ਮਾਮਲੇ ‘ਚ ਵੱਡੇ ਖੁਲਾਸੇ ਹੋਏ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਬੱਚੇ ਨੇ ਆਪਣੀ ਮਾਂ ਦੀ ਬੰਦੂਕ ਨਾਲ ਇਹ ਖ਼ੌਫ਼ਨਾਕ ਕਦਮ ਚੁੱਕਿਆ ਸੀ। ਉਸ ਵਿਚਾਲੇ ਕੋਈ ਲੜਾਈ ਨਹੀਂ ਹੋਈ ਸੀ ਅਤੇ ਨਾਂ ਹੀ ਬੱਚੇ ਨੇ ਗੋਲੀ ਮਾਰਨ ਤੋਂ ਪਹਿਲਾਂ ਕੋਈ ਚਿਤਾਵਨੀ ਦਿੱਤੀ ਸੀ।
ਪੁਲਿਸ ਮੁਖੀ ਸਟੀਵ ਡਰਿਊ ਨੇ ਕਿਹਾ ਕਿ ਉਸ ਨੇ ਗੋਲੀ ਚਲਾਉਣ ਤੋਂ ਪਹਿਲਾਂ ਬੰਦੂਕ ਕੱਢੀ ਅਤੇ ਆਪਣੇ ਅਧਿਆਪਕ ਵੱਲ ਇਸ਼ਾਰਾ ਕੀਤਾ। ਇਸ ਤੋਂ ਬਾਅਦ ਉਸ ਨੇ ਇਕ ਰਾਊਂਡ ਫਾਇਰ ਕਰ ਦਿੱਤਾ। ਘਟਨਾ ਸਮੇਂ ਅਧਿਆਪਕ ਜਮਾਤ ਵਿੱਚ ਬੱਚਿਆਂ ਨੂੰ ਪੜ੍ਹਾ ਰਹੀ ਸੀ। ਇਸ ਮਾਮਲੇ ਦੀ ਰਿਪੋਰਟ ਸਾਂਝੀ ਕਰਦਿਆਂ ਪੁਲਿਸ ਮੁਖੀ ਸਟੀਵ ਡਰਿਊ ਨੇ ਕਿਹਾ ਕਿ ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਗੋਲੀਬਾਰੀ ਅਚਾਨਕ ਨਹੀਂ ਹੋਈ ਸੀ। ਇਸ ਨੂੰ ਤਿਆਰ ਕੀਤਾ ਗਿਆ ਸੀ।
ਬੱਚੇ ਵਲੋਂ ਵਰਤੀ ਗਈ 9 ਐਮਐਮ ਹੈਂਡਗਨ ਕਾਨੂੰਨੀ ਤੌਰ ‘ਤੇ ਉਸ ਦੀ ਮਾਂ ਵਲੋਂ ਖਰੀਦੀ ਗਈ ਸੀ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਬੱਚਾ ਬੰਦੂਕ ਆਪਣੇ ਬੈਗ ਵਿੱਚ ਲੈ ਕੇ ਸਕੂਲ ਗਿਆ ਸੀ। ਡਰਿਊ ਨੇ ਕਿਹਾ ਕਿ ਜਦੋਂ ਬੰਦੂਕ ਚੱਲੀ ਤਾਂ ਅਧਿਆਪਕ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣਾ ਹੱਥ ਉੱਪਰ ਕਰ ਦਿੱਤਾ ਅਤੇ ਗੋਲੀ ਉਸ ਦੇ ਹੱਥ ਵਿੱਚੋਂ ਲੰਘ ਕੇ ਉਸ ਦੀ ਛਾਤੀ ਦੇ ਉੱਪਰਲੇ ਹਿੱਸੇ ਵਿੱਚ ਜਾ ਵੱਜੀ। ਹਾਲਾਂਕਿ ਸ਼ੁਰੂਆਤ ‘ਚ ਅਧਿਆਪਕ ਦੀ ਜਾਨ ਨੂੰ ਖਤਰਾ ਸੀ, ਪਰ ਹਸਪਤਾਲ ‘ਚ ਇਲਾਜ ਦੌਰਾਨ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਵੀ ਅਧਿਆਪਕ ਨੇ ਤੁਰੰਤ ਬੱਚਿਆਂ ਨੂੰ ਕਲਾਸ ਵਿੱਚੋਂ ਬਾਹਰ ਕੱਢਿਆ। ਡਰਿਊ ਨੇ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਸਕੂਲ ਦਾ ਇਕ ਕਰਮਚਾਰੀ ਤੁਰੰਤ ਕਲਾਸਰੂਮ ਵਿਚ ਪਹੁੰਚਿਆ ਅਤੇ ਉਸ ਨੇ ਬੱਚੇ ਨੂੰ ਫੜ ਲਿਆ, ਹਾਲਾਂਕਿ ਇਸ ਦੌਰਾਨ ਬੱਚਾ ਗੁੱਸੇ ‘ਚ ਆ ਗਿਆ ਅਤੇ ਉਸ ਨੇ ਕਰਮਚਾਰੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ।
- Advertisement -
ਇਸ ਤੋਂ ਬਾਅਦ ਪੁਲਿਸ ਸਕੂਲ ਪਹੁੰਚੀ ਅਤੇ ਬੱਚੇ ਨੂੰ ਆਪਣੇ ਨਾਲ ਲੈ ਗਈ। ਡਰਿਊ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਐਮਰਜੈਂਸੀ ਹਿਰਾਸਤ ਦੇ ਆਦੇਸ਼ ਅਤੇ ਅਸਥਾਈ ਹਿਰਾਸਤ ਦੇ ਆਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ ਬੱਚੇ ਨੂੰ ਮੈਡੀਕਲ ਸਹੂਲਤ ਵਿੱਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕਰਨਾ ਜੱਜ ‘ਤੇ ਨਿਰਭਰ ਕਰੇਗਾ ਕਿ ਲੜਕੇ ਲਈ ਅਗਲਾ ਕਦਮ ਕੀ ਹੋਵੇਗਾ।