ਕੋਵਿਡ-19 ਦੇ ਮੱਦੇਨਜ਼ਰ ਨਿਊਜ਼ੀਲੈਂਡ ਦੀਆਂ ਆਮ ਚੋਣਾਂ 17 ਅਕਤੂਬਰ ਤੱਕ ਮੁਲਤਵੀ

TeamGlobalPunjab
2 Min Read

ਆਕਲੈਂਡ- ਕੋਰੋਨਾ ਮਹਾਮਾਰੀ ਦੇ ਪ੍ਰਸਾਰ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਜੈਕਿੰਡਾ ਐਡਰਨ ਨੇ ਦੇਸ਼ ‘ਚ ਹੋਣ ਵਾਲੀਆਂ ਆਮ ਚੋਣਾਂ ਨੂੰ ਚਾਰ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜੈਕਿੰਡਾ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ ਆਮ ਚੋਣਾ ਨੂੰ 17 ਅਕਤੂਬਰ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਵਿਚ ਆਮ ਚੋਣਾਂ 19 ਸਤੰਬਰ ਨੂੰ ਹੋਣੀਆਂ ਸਨ। ਉਨ੍ਹਾਂ ਕਿਹਾ, “ਮੈਂ ਚੋਣਾਂ ਨੂੰ 19 ਸਤੰਬਰ ਦੀ ਥਾਂ 17 ਅਕਤੂਬਰ ਤੱਕ ਕਰਵਾਉਣ ਦਾ ਫੈਸਲਾ ਕੀਤਾ ਹੈ। ਮੈਨੂੰ ਪਿਛਲੇ ਹਫਤੇ ਸਲਾਹ ਦਿੱਤੀ ਗਈ ਸੀ ਕਿ ਇਹ ਤਾਰੀਖ ਸਹੀ ਹੈ ਅਤੇ ਇਸ ਵਿਚ ਜ਼ਿਆਦਾ ਖਤਰਾ ਵੀ ਨਹੀਂ ਹੈ।”

ਮੌਜੂਦਾ ਸੰਸਦ ਹੁਣ 6 ਸਤੰਬਰ ਨੂੰ ਭੰਗ ਹੋਵੇਗੀ, ਐਡਵਾਂਸ ਵੋਟਿੰਗ 3 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਦੇਸ਼ ਤੋਂ ਬਾਹਰ ਬੈਠੇ ਨਾਗਰਿਕ 30 ਸਤੰਬਰ ਤੋਂ ਵੋਟਿੰਗ ਕਰ ਸਕਣਗੇ। 13 ਸਤੰਬਰ ਨੂੰ ਰਿੱਟ ਡੇਅ ਹੋਵੇਗਾ, 18 ਸਤੰਬਰ ਨੂੰ ਨਾਮਜ਼ਦਗੀਆਂ ਬੰਦ ਹੋ ਜਾਣਗੀਆਂ, 3 ਅਕਤੂਬਰ ਨੂੰ ਐਡਵਾਂਸ ਵੋਟਿੰਗ ਸ਼ੁਰੂ ਹੋਵੇਗੀ, ਰਿੱਟ ਦੀ ਵਾਪਸੀ ਲਈ ਆਖ਼ਰੀ ਦਿਨ 12 ਨਵੰਬਰ ਹੈ ਅਤੇ 17 ਅਕਤੂਬਰ ਨੂੰ ਚੋਣਾਂ ਦਾ ਆਖਰੀ ਦਿਨ ਹੋਵੇਗਾ।

ਪ੍ਰਧਾਨ ਮੰਤਰੀ ਐਡਰਨ ਨੇ ਕਿਹਾ ਕਿ ਇਸ ਫੈਸਲੇ ਨਾਲ ਸਾਰੀਆਂ ਧਿਰਾਂ ਨੂੰ ਚੋਣ ਪ੍ਰਚਾਰ ਲਈ 9 ਹਫ਼ਤਿਆਂ ਦਾ ਸਮਾਂ ਮਿਲ ਗਿਆ ਹੈ ਅਤੇ ਚੋਣ ਕਮਿਸ਼ਨ ਕੋਲ ਵੀ ਲੋੜੀਂਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੀ ਤਰੀਕ ਦਾ ਫ਼ੈਸਲਾ ਲੈਣ ਲਈ ਉਨ੍ਹਾਂ ਨੇ ਪਾਰਟੀ ਦੇ ਸਾਰੇ ਨੇਤਾਵਾਂ ਨੂੰ ਉਨ੍ਹਾਂ ਦੇ ਵਿਚਾਰ ਦੇਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਉਹ ਮੁੜ ਚੋਣ ਦੀ ਤਰੀਕ ਨਹੀਂ ਬਦਲਣਗੇ।

ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ ਕੁੱਲ 1631 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 22 ਲੋਕਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਜਦ ਕਿ 1531 ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

- Advertisement -

Share this Article
Leave a comment