ਯੂਪੀ- ਪੜ੍ਹਾਈ ਅੱਧ ਵਿਚਾਲੇ ਬੰਦ ਹੋਣ ਤੋਂ ਪ੍ਰੇਸ਼ਾਨ ਮੈਡੀਕਲ ਕਾਲਜ ਦੇ 12 ਵਿਦਿਆਰਥੀਆਂ ਨੇ ਰਾਸ਼ਟਰਪਤੀ ਤੋਂ ਇੱਛਾ ਮੌਤ ਦੀ ਮੰਗ ਕੀਤੀ ਹੈ। ਵਿਦਿਆਰਥੀਆਂ ਨੇ ਮੈਡੀਕਲ ਕਾਲਜ ਮੈਨੇਜਮੈਂਟ ‘ਤੇ ਦੋਸ਼ ਲਾਇਆ ਹੈ ਕਿ ਐਮਸੀਆਈ ਵੱਲੋਂ ਮਾਨਤਾ ਰੱਦ ਕਰ ਦਿੱਤੀ ਗਈ ਹੈ। ਫਿਰ ਵੀ ਉਹ ਉਨ੍ਹਾਂ ਨੂੰ ਗੁਮਰਾਹ ਕਰਕੇ ਪੜ੍ਹਾਉਂਦੇ ਰਹੇ। ਹੁਣ ਉਨ੍ਹਾਂ ਦਾ ਭਵਿੱਖ ਹਨੇਰੇ ਵਿੱਚ ਹੈ।
ਸਿਟੀ ਮੈਜਿਸਟਰੇਟ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਲ 2016 ਵਿੱਚ NEET ਦੀ ਯੋਗਤਾ ਪੂਰੀ ਕਰਨ ਤੋਂ ਬਾਅਦ 66 ਵਿਦਿਆਰਥੀਆਂ ਨੇ ਗਲੋਕਲ ਮੈਡੀਕਲ ਕਾਲਜ ਸਹਾਰਨਪੁਰ ਵਿੱਚ ਐਮਬੀਬੀਐਸ ਵਿੱਚ ਦਾਖ਼ਲਾ ਲਿਆ ਸੀ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਦਾਖ਼ਲੇ ਤੋਂ ਪਹਿਲਾਂ ਵਿਦਿਆਰਥੀਆਂ ਦੀ ਕਾਊਂਸਲਿੰਗ ਵੀ ਕੀਤੀ ਗਈ ਸੀ। ਤਿੰਨ ਮਹੀਨਿਆਂ ਬਾਅਦ, ਐਮਸੀਆਈ ਨੇ ਮਾਨਤਾ ਰੱਦ ਕਰ ਦਿੱਤੀ। ਪਰ ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਨਾ ਦੇ ਕੇ ਪੰਜ ਸਾਲ ਤੱਕ ਪੜ੍ਹਾਈ ਜਾਰੀ ਰੱਖੀ।
ਵਿਦਿਆਰਥੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਗੇੜੇ ਮਾਰੇ ਪਰ ਵਿਦਿਆਰਥੀਆਂ ਨੂੰ ਕੋਈ ਰਾਹ ਨਹੀਂ ਮਿਲਿਆ। 66 ਵਿੱਚੋਂ 12 ਵਿਦਿਆਰਥੀਆਂ ਨੇ ਇੱਛਾ ਮੌਤ ਦੀ ਮੰਗ ਕੀਤੀ ਅਤੇ ਰਾਸ਼ਟਰਪਤੀ ਨੂੰ ਸੰਬੋਧਿਤ ਇੱਕ ਮੰਗ ਪੱਤਰ ਕਲੈਕਟਰੇਟ ਵਿੱਚ ਸਿਟੀ ਮੈਜਿਸਟਰੇਟ ਵਿਵੇਕ ਚਤੁਰਵੇਦੀ ਨੂੰ ਸੌਂਪਿਆ। ਇੱਛਾ ਮੌਤ ਦੀ ਮੰਗ ਕਰਨ ਵਾਲਿਆਂ ਵਿੱਚ ਸ਼ਿਵਮ ਸ਼ਰਮਾ, ਵਿਭੋਰ, ਸ਼ਿਵਾਨੀ ਰਾਣਾ, ਰਿਜ਼ਵਾਨ, ਸਦਫ, ਸਾਮੀਆ, ਵਿਗਨੇਸ਼, ਰਾਹੁਲ ਰਾਜ, ਐਸ਼ਵਰਿਆ, ਅਰਵਿੰਦ ਰਾਜ ਆਦਿ ਸ਼ਾਮਿਲ ਹਨ।
ਗਲੋਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਕੀਲ ਅਹਿਮਦ ਨੇ ਕਿਹਾ ਕਿ ਯੂਨੀਵਰਸਿਟੀ ਅਜੇ ਵੀ ਵਿਦਿਆਰਥੀਆਂ ਨੂੰ ਪੜ੍ਹਾਉਣਾ ਚਾਹੁੰਦੀ ਹੈ। ਸਭ ਕੁਝ ਠੀਕ ਚੱਲ ਰਿਹਾ ਸੀ ਪਰ ਇਨ੍ਹਾਂ ਵਿਦਿਆਰਥੀਆਂ ਦੀ ਸ਼ਿਕਾਇਤ ‘ਤੇ ਮੈਡੀਕਲ ਕਾਲਜ ਦੀ ਐਨ.ਓ.ਸੀ. ਰੱਦ ਕਰ ਦਿੱਤੀ ਗਈ। ਬਾਅਦ ਵਿੱਚ ਅਦਾਲਤ ਵਿੱਚ ਵੀ ਗਿਆ, ਉਥੇ ਉਸ ਦੀ ਰਿੱਟ ਖਾਰਜ ਕਰ ਦਿੱਤੀ ਗਈ। ਇਸ ਸਬੰਧੀ ਇੱਕ ਰਿੱਟ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਉਹ ਵੀ ਰੱਦ ਹੋ ਚੁਕੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੇ ਨਾਲ ਖੜ੍ਹਾ ਹੈ।