ਮੈਲਬੌਰਨ (ਖੁਸ਼ਪ੍ਰੀਤ ਸਿੰਘ ਸੁਨਾਮ) : ਮਨੁੱਖਤਾ ਦੇ ਭਲੇ ਲਈ ਹਰ ਸਮੇਂ ਤਤਪਰ ਰਹਿਣ ਵਾਲੀ ਸੰਸਥਾ ਖਾਲਸਾ ਏਡ ਦੀ ਆਸਟ੍ਰੇਲੀਆ ਇਕਾਈ ਵਲੋਂ ਜੂਨ 1984 ਨੂੰ ਸਮਰਪਿਤ ਇੱਕ ਖੂਨਦਾਨ ਮੁਹਿੰਮ ਸ਼ੂਰੂ ਕੀਤੀ ਹੋਈ ਹੈ। ਜਿਸ ਦਾ ਆਗਾਜ਼ 1 ਜੂਨ ਤੋਂ ਨੂੰ ਹੋਇਆ ਸੀ ਤੇ 30 ਜੂਨ ਤੱਕ ਚੱਲੇਗਾ।
ਇਸ ਖੂਨਦਾਨ ਮੁੰਹਿਮ ਬਾਰੇ ਜਾਣਕਾਰੀ ਦਿੰਦਿਆਂ ਖਾਲਸਾ ਏਡ ਆਸਟ੍ਰੇਲੀਆ ਦੀ ਇਕਾਈ ਦੇ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਮਾਜ ਭਲਾਈ ਲਈ ਖਾਲਸਾ ਏਡ ਸੰਸਥਾ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣਾ ਬਣਦਾ ਯੌਗਦਾਨ ਪਾ ਰਹੀ ਹੈ। ਵੈਸੇ ਤਾਂ ਖਾਲਸਾ ਏਡ ਵਲੋਂ ਸਾਰਾ ਸਾਲ ਹੀ ਖੂਨਦਾਨ ਕੈਂਪ ਚਾਲੂ ਰਹਿੰਦੇ ਹਨ, ਪਰ ਅਪ੍ਰੈਲ ਤੇ ਜੂਨ ਮਹੀਨਾ ਇਸ ਮੁਹਿੰਮ ਲਈ ਵਿਸੇਸ਼ ਸਥਾਨ ਰੱਖਦੇ ਹਨ ਤੇ ਇਸ ਵਾਰ ਜੂਨ 1 ਤੋ ਸ਼ੂਰੂ ਹੋਈ ਇਸ ਖੂਨਦਾਨ ਮੁਹਿੰਮ ਨੂੰ ਜੂਨ 1984 ਨਸਲਕੁਸ਼ੀ ਨੂੰ ਸਮਰਪਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਆਸਟ੍ਰੇਲੀਆ ਦੇ ਸ਼ਹਿਰਾਂ ਮੈਲਬੌਰਨ, ਐਡੀਲੇਡ, ਬ੍ਰਿਸਬੇਨ, ਪਰਥ, ਹੋਬਾਰਟ, ਕੈਨਬਰਾ ਤੇ ਸ਼ੈਪਰਟਨ ਆਦਿ ਸ਼ਹਿਰਾਂ ਵਿੱਚ ਬਣੇ ਰੈੱਡ ਕਰਾਸ ਕੇਂਦਰਾਂ ਵਿੱਚ ਖੂਨਦਾਨੀ ਲਗਾਤਾਰ ਖੂਨਦਾਨ ਕਰ ਰਹੇ ਹਨ ਤੇ 14 ਜੂਨ ਨੂੰ ਇਕ ਦਿਨ ਚ ਹੀ 100 ਖੂਨਦਾਨੀਆਂ ਵਲੋਂ ਇੱਕਠੇ ਖੂਨਦਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਖੂਨਦਾਨ ਕਰਕੇ ਤਿੰਨ ਜ਼ਿੰਦਗੀਆਂ ਬਚਾ ਸਕਦਾ ਹੈ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਆਸਟ੍ਰੇਲੀਆ ਭਰ ਵਿੱਚ ਇਸ ਮੁਹਿੰਮ ਨੂੰ ਕਾਫੀ ਹੁੰਗਾਰਾ ਮਿਲੀਆ ਹੈ ਤੇ ਇੱਥੌਂ ਦੇ ਲੋਕਾਂ ਦੇ ਵਿੱਚ ਸਿੱਖ ਇਤਹਾਸ ਦੀ ਜਾਣਕਾਰੀ ਵਿੱਚ ਵੀ ਵਾਧਾ ਹੋਇਆ ਹੈ।
In remembrance of #1984SikhGenocides the Australian Sikh community is once again organising a mass #BloodDonation tomorrow in Melbourne & Adelaide. We r expecting almost 90 donors. @10NewsFirst @7NewsAustralia @9NewsAUS @abcnews @SBSNews @lifebloodau @LFRESHTHELION @RaviSinghKA pic.twitter.com/IeWgE9hO8Z
— Khalsa Aid Australia (@KhalsaAid_AU) June 13, 2021
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਵਿਸੇਸ਼ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਖਾਲਸਾ ਏਡ ਆਸਟ੍ਰੇਲੀਆ ਇਕਾਈ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਰੈੱਡ ਕਰਾਸ ਸੰਸਥਾ ਵਲੋਂ ਖਾਲਸਾ ਏਡ ਵਲੋਂ ਚਲਾਈ ਜਾ ਰਹੀ ਇਸ ਮੁਹਿੰਮ ਦੇ ਲਈ ਧੰਨਵਾਦ ਕੀਤਾ ਤੇ ਇਸ ਵਡਮੁੱਲੇ ਕਾਰਜ ਲਈ ਪ੍ਰਸ਼ੰਸਾ ਵੀ ਕੀਤੀ। ਜ਼ਿਕਰਯੋਗ ਹੈ ਕਿ ਖਾਲਸਾ ਏਡ ਆਸਟ੍ਰੇਲੀਆ ਨੇ ਜੰਗਲੀ ਅੱਗ ਤੇ ਹੜਾਂ ਦੇ ਦੌਰਾਨ ਜਿੱਥੇ ਵਡਮੁੱਲੀਆਂ ਸੇਵਾਵਾਂ ਦਿੱਤੀਆਂ ਉੱਥੇ ਹੀ ਕੋਵਿਡ-19 ਦੇ ਚਲਦਿਆਂ ਲੋੜਵੰਦਾਂ ਦੀ ਵੀ ਮਦਦ ਨਿਰੰਤਰ ਜਾਰੀ ਹੈ।