ਵਰਲਡ ਡੈਸਕ:- ਕਈ ਯੂਰਪੀਅਨ ਦੇਸ਼ਾਂ ਨੇ ਐਸਟ੍ਰਾਜ਼ੇਨੇਕਾ ਦੀ ਵਰਤੋਂ ਬੰਦ ਕਰ ਦਿੱਤੀ ਸੀ, ਕਿਉਂਕਿ ਸ਼ੱਕ ਸੀ ਕਿ ਐਸਟ੍ਰਾਜ਼ੇਨੇਕਾ ਦੀ ਵਰਤੋਂ ਕਾਰਨ ਖੁਰਾਕ ਲੈਣ ਵਾਲੇ ਲੋਕਾਂ ਦੇ ਸਰੀਰ ‘ਚ ਖੂਨ ਦੀਆਂ ਗੱਠਾਂ ਬਣ ਰਹੀਆਂ ਹਨ। ਪਰ ਹੁਣ ਵਿਸ਼ਵ ਸਿਹਤ ਸੰਗਠਨ ਨੇ ਇਸ ਦਵਾਈ ਨੂੰ ਪ੍ਰਮਾਣ ਦਿੱਤਾ ਹੈ। WHO ਦੇ ਬੁਲਾਰੇ ਮਾਰਗ੍ਰੇਟ ਹੈਰਿਸ ਨੇ ਕਿਹਾ ਕਿ ਸਾਨੂੰ ਇਸ ਦੀ ਵਰਤੋਂ ਨੂੰ ਰੋਕਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਇਸ ਦੀ ਡੋਜ ਲੈਂਦੇ ਰਹਿਣਾ ਚਾਹੀਦਾ ਹੈ।
ਹੈਰਿਸ ਨੇ ਕਿਹਾ ਕਿ ਵੈਕਸੀਨ ਦੇ ਸੁਰੱਖਿਆ ਅੰਕੜਿਆਂ ਦਾ ਵਿਸ਼ਵ ਸਿਹਤ ਸੰਗਠਨ ਦੀ ਸਲਾਹਕਾਰ ਕਮੇਟੀ ਵਲੋਂ ਅਧਿਐਨ ਕੀਤਾ ਜਾ ਰਿਹਾ ਹੈ। ਹੁਣ ਸਾਨੂੰ ਟੀਕੇ ਤੇ ਲਹੂ ਦੇ ਜੰਮਣ ਦੇ ਵਿਚਾਲੇ ਕੋਈ ਸਬੰਧ ਨਹੀਂ ਮਿਲਿਆ। ਯੂਰਪੀਅਨ ਸ਼ਹਿਰਾਂ ਜਿਵੇਂ ਕਿ ਡੈਨਮਾਰਕ, ਨਾਰਵੇ, ਆਈਸਲੈਂਡ, ਇਟਲੀ ਤੇ ਰੋਮਾਨੀਆ ਨੇ ਟੀਕਾ ਲੈਣ ਵਾਲੇ ਕੁਝ ਲੋਕਾਂ ਦੇ ਸਰੀਰ ‘ਚ ਖੂਨ ਦੇ ਜੰਮਣ ਦੀ ਖ਼ਬਰਾਂ ਮਗਰੋਂ ਵੈਕਸੀਨ ਦੀ ਵਰਤੋਂ ਬੰਦ ਕਰ ਦਿੱਤੀ।
ਮਾਰਗ੍ਰੇਟ ਨੇ ਕਿਹਾ, ‘ਅਸੀਂ ਮੌਤਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਟੀਕੇ ਲੱਗਣ ਕਾਰਨ ਮੌਤ ਦੀ ਖ਼ਬਰ ਨਹੀਂ ਹੈ। ਸਾਨੂੰ ਨਿਸ਼ਚਤ ਤੌਰ ‘ਤੇ ਐਸਟ੍ਰਾਜ਼ੇਨੇਕਾ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।’ ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਜੇ ਇਸ ਦਵਾਈ ਸਬੰਧੀ ਕੋਈ ਹੋਰ ਸੁਰੱਖਿਆ ਚਿੰਤਾਵਾਂ ਹਨ, ਤਾਂ ਇਸਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਟੀਕੇ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਅਸੀਂ ਸੁਰੱਖਿਆ ਦੇ ਸਾਰੇ ਮਾਪਦੰਡਾਂ ਦੀ ਜਾਂਚ ਕਰਦੇ ਹਾਂ।