ਵਾਸ਼ਿੰਗਟਨ – ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ‘ਚ ਸਖਤ ਤਬਦੀਲੀ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਇਡਨ ਦਾ ਪ੍ਰਸ਼ਾਸਨ ਇਸ ਗੱਲ ਦੀ ਤਿਆਰੀ ‘ਚ ਰੁੱਝਿਆ ਹੋਇਆ ਹੈ ਕਿ ਅਮਰੀਕਾ ਨੂੰ ਕਿਸ ਨਾਲ, ਕਿਵੇਂ ਤੇ ਕੀ ਗੱਲ ਕਰਨੀ ਚਾਹੀਦੀ ਹੈ ਤੇ ਇਸ ਲਈ ਕੀ ਤਿਆਰੀਆਂ ਹੋਣੀਆਂ ਚਾਹੀਦੀਆ ਹਨ।
ਰਾਸ਼ਟਰਪਤੀ ਬਾਇਡਨ ਅਹੁਦਾ ਸੰਭਾਲਣ ਤੋਂ ਬਾਅਦ ਦੁਨੀਆ ਭਰ ਦੇ ਨੇਤਾਵਾਂ ਨਾਲ ਉਤਸ਼ਾਹ ਤੇ ਜੋਸ਼ ਨਾਲ ਸੰਪਰਕ ਕਰ ਰਿਹਾ ਹੈ। ਇਹ ਵ੍ਹਾਈਟ ਹਾਊਸ ਦੀ ਇਹ ਰਵਾਇਤ ਰਹੀ ਹੈ, ਪਰ ਟਰੰਪ ਦੀ ਨਜ਼ਰ ‘ਚ ਇਹ ਇਕ ਬੇਕਾਰ ਕੰਮ ਸੀ।
ਫੋਨ ‘ਤੇ ਦੁਨੀਆ ਭਰ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਦੀ ਬਾਇਡਨ ਦੀ ਨੀਤੀ, ਕੰਮ ਕਰਨ ਦਾ ਆਪਣਾ ਢੰਗ ਹੈ ਤੇ ਲਾਭਕਾਰੀ ਵੀ ਹੈ ਕਿਉਂਕਿ ਇਸ ‘ਚ ਉਨ੍ਹਾਂ ਨੇਤਾਵਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਨੇ ਬਰਾਬਰੀ ਦਾ ਨਾਂਹ ਮੰਨਦੇ ਹੋਏ ਦੂਰ ਕਰ ਦਿੱਤਾ ਸੀ, ਪਰ ਆਵਦੇ ਯਤਨਾਂ ਨਾਲ, ਬਾਇਡਨ ਸੰਸਾਰ ਦੇ ਸਾਰੇ ਦੇਸ਼ਾਂ ਨਾਲ ਅਮਰੀਕਾ ਦੇ ਸੰਬੰਧ ਠੀਕ ਕਰਨ ‘ਚ ਰੁੱਝਿਆ ਹੋਇਆ ਹੈ।
ਜਾਰਜ ਡਬਲਯੂ ਬੁਸ਼ ਤੇ ਬਰਾਕ ਓਬਾਮਾ ਪ੍ਰਸ਼ਾਸਨ ‘ਚ ਵ੍ਹਾਈਟ ਹਾਊਸ ਨੈਸ਼ਨਲ ਸਿਕਿਓਰਟੀ ਕਾਉਂਸਲ ‘ਚ ਸੇਵਾ ਨਿਭਾਉਣ ਵਾਲੇ ਮੈਥਿਊ ਗੁੱਡਮੈਨ ਦਾ ਕਹਿਣਾ ਹੈ, “ਉਹ ਪੱਕਾ ਜਾਣਦੇ ਹਨ ਕਿ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਸਹਿਯੋਗੀ / ਭਾਈਵਾਲਾਂ ਨਾਲ ਬਿਹਤਰ ਸੰਬੰਧ ਬਣਾਉਣੇ ਪੈਣਗੇ।” ਮੈਥਿਊ ਨੇ ਕਿਹਾ ਕਿ ਇਹ ਕੇਂਦਰੀ ਸੰਗਠਨਾਤਮਕ ਨੀਤੀ ਹੈ ਜਿਸ ਦੇ ਤਹਿਤ ਬਾਇਡਨ ਨੇ ਟਰੰਪ ਪ੍ਰਸ਼ਾਸਨ ਦੇ ਚੈਪਟਰ ਦੇ ਪੰਨੇ ਨੂੰ ਪਾੜਨ ਤੇ ਗਠਜੋੜ ਨੂੰ ਮੁੜ ਲੀਹ ‘ਤੇ ਲਿਆਉਣ ਦਾ ਫੈਸਲਾ ਕੀਤਾ ਹੈ। ਗੱਲਬਾਤ ਦੀ ਤਿਆਰੀ ਇਸ ਦਾ ਇਕ ਹਿੱਸਾ ਹੈ।