ਬਰੈਂਪਟਨ : ਬਰੈਂਪਟਨ ਵਿੱਚ ਇੱਕ 64 ਸਾਲਾ ਪੰਜਾਬੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਰਨੈਲ ਰੰਧਾਵਾ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੀਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ, ਉਨ੍ਹਾਂ ਨੂੰ ਰਾਤ 9 ਵਜੇ ਦੇ ਲਗਭਗ ਇੱਕ ਫੋਨ ਆਇਆ ਕਿ ਬਰੈਂਪਟਨ ਦੇ ਡਿਕਸੀ ਰੋਡ ਅਤੇ ਕੰਟਰੀਸਾਈਡ ਏਰੀਆ ਦੀ ਟੈਪਲਹਿੱਲ ਰੋਡ ‘ਤੇ ਬਣੀ ਇੱਕ ਟ੍ਰੇਲ ‘ਤੇ ਮਹਿਲਾ ਡਿੱਗੀ ਪਈ ਹੈ। ਜਿਸ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੂੰ ਦਲਬੀਰ ਰੰਧਾਵਾ ਬੇਹੋਸ਼ੀ ਦੀ ਹਾਲਤ ਵਿੱਚ ਪਈ ਮਿਲੀ ਸੀ। ਇਸ ਤੋਂ ਪਹਿਲਾਂ ਕਿ ਪੁਲਿਸ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਂਦੀ ਦਲਬੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Homicide in Brampton – https://t.co/vqIIoT0YiA
- Advertisement -
— Peel Regional Police (@PeelPolice) June 3, 2021
ਕੌਂਸਟੇਬਲ ਡੈਨੀ ਮਾਰਟੀਨੀ ਨੇ ਦੱਸਿਆ ਇਸ ਮਾਮਲੇ ‘ਚ ਦਲਬੀਰ ਦੇ ਪਤੀ ਜਰਨੈਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸ਼ਾਮ ਨੂੰ ਸੈਰ ਤੇ ਨਿਕਲੇ ਸੀ ਪਰ ਦੋਹਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਸ਼ੁਰੂ ਹੋ ਗਈ। ਇਹ ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਜਰਨੈਲ ਨੇ ਦਲਬੀਰ ਨੂੰ ਉੱਥੇ ਹੀ ਮੋਤ ਦੇ ਘਾਟ ਉਤਾਰ ਦਿੱਤਾ। ਹਾਲਾਂਕਿ ਇਸ ਦੌਰਾਨ ਜਰਨੈਲ ਨੂੰ ਵੀ ਕੁਝ ਸੱਟਾਂ ਲੱਗੀਆਂ ਤੇ ਉਸ ਨੂੰ ਹਸਪਤਾਲ ਲਜਾਇਆ ਗਿਆ।
ਪੁਲਿਸ ਮੁਤਾਬਕ ਜਰਨੈਲ ਰੰਧਾਵਾ ‘ਤੇ ਸੈਕਿੰਡ ਡਿਗਰੀ ਕਤਲ ਦੇ ਦੋਸ਼ ਲੱਗੇ ਹਨ ।ਉਸਨੂੰ ਵੀਰਵਾਰ ਨੂੰ ਬਰੈਂਪਟਨ ਦੀ ਅਦਾਲਤ ਵਿੱਚ ਜ਼ਮਾਨਤ ਲਈ ਪੇਸ਼ ਕੀਤਾ ਗਿਆ।