ਮੋਗਾ: ਜ਼ਿਲ੍ਹਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੇ ਵਿਖੇ ਵਿਰਾਸਤੀ ਥਾਂ ਨੂੰ ਲੈ ਕੇ ਇਕ 62 ਸਾਲਾ ਬਜ਼ੁਰਗ ਅੰਮ੍ਰਿਤ ਧਾਰੀ ਔਰਤ ਦੀ ਕੁੱਟਮਾਰ ਕਰ ਕੇ ਉਸ ਦੇ ਕਪੜੇ ਲਾਹ ਕੇ ਬਜ਼ੁਰਗ ਅੰਮ੍ਰਿਧਾਰੀ ਮਾਤਾ ਦੇ ਕਕਾਰਾਂ ਨਾਲ ਛੇੜ ਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਇਸ ਮਾਮਲੇ ‘ਚ ਨਿਹਾਲ ਸਿੰਘ ਵਾਲਾ ਪੁਲਿਸ ਨੇ ਬਜ਼ੁਰਗ ਪ੍ਰੀਤਮ ਕੌਰ ਦੇ ਬਿਆਨਾਂ ‘ਤੇ ਔਰਤ ਦੇ ਦਿਉਰ, ਦਰਾਣੀ ਅਤੇ ਨਣਾਨ ਸਮੇਤ ਪਰਿਵਾਰ ਦੇ 8 ਮੈਬਰਾਂ ‘ਤੇ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਸੀ ਪਰ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਸੀ ਤੇ ਨਾ ਹੀ ਧਾਰਮਿਕ ਕਕਾਰਾ ਦੀ ਬੇਅਦਬੀ ਕਰਨ ‘ਤੇ ਧਾਰਾ 295 ਲਗਾਈ ਗਈ।
ਜਿਸ ਤੋਂ ਖ਼ਫਾ ਪਿੰਡ ਵਾਸੀ ਅਤੇ ਇਲਾਕੇ ਦੀਆਂ ਇਨਸਾਫ ਪਸੰਦ ਜਥੇਬੰਦੀਆਂ ਨੇ ਜਥੇਦਾਰ ਸੁਰਜੀਤ ਸਿੰਘ ਖੋਸ਼ਾ ਦੀ ਅਗਵਾਈ ‘ਚ ਥਾਣਾ ਨਿਹਾਲ ਸਿੰਘ ਵਾਲਾ ਦਾ ਘਿਰਾਉ ਕੀਤਾ। ਪੀੜਿਤ ਪੱਖ ਵਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਅਤੇ ਬਣਦੀਆਂ ਧਰਾਵਾਂ ਲਾਉਣ ਦੀ ਮੰਗ ਕੀਤੀ।
ਇਸ ਸੰਬੰਧੀ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਨੇ ਦੱਸਿਆ ਕਿ ਜ਼ਮੀਨ ਦੇ ਝਗੜੇ ਨੂੰ ਲੈਕੇ ਇਕ ਔਰਤ ਨਾਲ ਉਸ ਦੇ ਦਿਓਰ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ । ਜਿਸ ਸੰਬੰਧੀ 8 ਦੋਸ਼ੀਆਂ ‘ਚੋਂ ਦੋ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਬਾਕੀ ਦੋਸ਼ੀਆਂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਪਰ ਥਾਣੇ ਦੇ ਬਾਹਰ ਸਾਫ ਧਰਨਾ ਪ੍ਰਦਰਸ਼ਨ ਦੇ ਬਾਵਜੂਦ ਥਾਣਾ ਮੁਖੀ ਨੇ ਧਰਨਾ ਲੱਗਣ ਦੀ ਗੱਲ ਤੋਂ ਸਾਫ ਪੱਲਾ ਝਾੜ ਲਿਆ।
ਇਸ ਮਾਮਲੇ ‘ਚ ਕੋਣ ਸਹੀ ਹੈ ਅਤੇ ਕੌਣ ਗਲਤ ਇਸਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ ਪਰ ਇੱਕ ਔਰਤ ‘ਤੇ ਇਸ ਤਰ੍ਹਾਂ ਤਸ਼ਦਦ ਢਾਉਣਾ ਕਈ ਸਵਾਲ ਖੜੇ ਕਰਦਾ ਹੈ ਅਤੇ ਧਾਰਮਿਕ ਪੱਖੋਂ ਕਕਾਰਾਂ ਦੀ ਬੇਅਦਬੀ ਨਿੰਦਣ ਯੋਗ ਹੈ।