ਬੀਬੀ ਸੁਖਪਾਲ ਕੌਰ ਚੜ੍ਹੀ ਦਿੱਲੀ ਕਿਸਾਨ ਅੰਦੋਲਨ ਦੀ ਭੇਂਟ, ਤਬੀਅਤ ਖ਼ਰਾਬ ਹੋ ਜਾਣ ਕਾਰਨ ਤੋੜਿਆ ਦਮ

TeamGlobalPunjab
2 Min Read

ਨਿਊਜ ਡੈਸਕ : ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਦਰਮਿਆਨ ਬਹੁਤ ਸਾਰੇ ਕਿਸਾਨਾਂ ਨੇ ਦਮ ਤੋੜ ਦਿੱਤਾ ਹੈ  । ਇਸ ਦੌਰਾਨ ਜਿਥੇ ਬਜ਼ੁਰਗ, ਨੌਜਵਾਨ ਅਤੇ ਬੱਚੇ ਆਪਣਾ ਯੋਗਦਾਨ ਪਾ ਰਹੇ ਹਨ ਉੱਥੇ ਹੀ ਬੀਬੀਆਂ ਵੱਲੋਂ ਵੀ ਵੱਡੇ ਪੱਧਰ ਤੇ ਸਾਥ ਦਿੱਤਾ ਜਾ ਰਿਹਾ ਹੈ । ਇਸੇ ਲੜੀ ਤਹਿਤ ਕਿਸਾਨੀ ਸੰਘਰਸ਼ ਦਰਮਿਆਨ ਸਭ ਤੋਂ ਅੱਗੇ ਕਹੇ ਜਾਂਦੇ ਪਿੰਡ ਭੈਣੀਬਾਘਾ ਦੀ ਸੰਘਰਸ਼ਸ਼ੀਲ ਬੀਬੀ ਸੁਖਪਾਲ ਕੌਰ ਨੇ ਦਮ ਤੋੜ ਦਿੱਤਾ ਹੈ। ਜਾਣਕਾਰੀ ਮੁਤਾਬਕ ਜਦੋਂ ਸੁਖਪਾਲ ਕੌਰ ਦਿੱਲੀ ਤੋਂ ਵਾਪਿਸ ਆ ਰਹੀ ਸੀ ਤਾਂ ਰਸਤੇ ਵਿੱਚ ਅਚਾਨਕ ਉਸ ਦੀ ਤਬੀਅਤ ਖ਼ਰਾਬ ਹੋ ਗਈ ।  ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਦਿੱਲੀ ਵਿਖੇ ਮਹਿਲਾ ਦਿਵਸ ਉਪਰ ਕੇਂਦਰ ਸਰਕਾਰ ਵਿਰੁੱਧ ਵਿੱਢੇ ਅੰਦੋਲਨ ਦੌਰਾਨ ਲਗਾਤਾਰ ਤਿੰਨ ਦਿਨ ਮੋਦੀ ਹਕੂਮਤ ਦੀ ਮੁਰਦਾਬਾਦ ਕਰਨ ਤੋਂ ਬਾਅਦ ਵਾਪਸ ਪਿੰਡ ਨੂੰ ਹੋਰਨਾਂ ਬੀਬੀਆਂ ਨਾਲ ਪਰਤ ਰਹੀ ਸੀ।

ਤਬੀਅਤ ਖ਼ਰਾਬ ਹੋ ਜਾਣ ਤੇ ਉਨ੍ਹਾਂ ਨੂੰ ਫਤਿਹਾਬਾਦ ਹਰਿਆਣਾ ਦੇ ਇਕ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਇੱਥੇ ਇਲਾਜ ਦੌਰਾਨ ਉਨ੍ਹਾਂ ਦਮ ਤੋੜ ਦਿੱਤਾ। ਬੀਬੀ ਸੁਖਪਾਲ ਕੌਰ ਨੂੰ ਕਿਸਾਨ ਯੂਨੀਅਨ ਵੱਲੋਂ ਸ਼ਹੀਦ ਕਰਾਰ ਦਿੱਤਾ ਗਿਆ ਹੈ । ਕਿਸਾਨ ਆਗੂ ਰਾਮ ਸਿੰਘ ਨੇ ਦੱਸਿਆ ਕਿ ਬੀਬੀ ਸੁਖਪਾਲ ਕੌਰ ਦਾ ਸਸਕਾਰ 12 ਵਜੇ ਉਨ੍ਹਾਂ ਦੇ ਪਿੰਡ ਵਿਖੇ ਕੀਤਾ ਜਾਵੇਗਾ। ਕਿਸਾਨ ਆਗੂਆਂ ਵੱਲੋਂ ਬੀਬੀ ਸੁਖਪਾਲ ਕੌਰ ਦੇ ਪਰਿਵਾਰ ਵਿੱਚੋਂ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਦੱਸ ਲੱਖ ਦੇ ਮੁਆਵਜ਼ੇ ਦੇ ਨਾਲ ਸਰਕਾਰੀ ਅਤੇ ਪ੍ਰਾਈਵੇਟ ਕਰਜ਼ੇ ਦੀ ਮੁਆਫੀ ਦੀ ਮੰਗ ਕੀਤੀ ਗਈ ਹੈ

Share this Article
Leave a comment