Home / News / ਢਾਕਾ ਦੀ ਜੂਸ ਫੈਕਟਰੀ ’ਚ ਅੱਗ ਲੱਗਣ ਕਾਰਨ 52 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖ਼ਮੀ

ਢਾਕਾ ਦੀ ਜੂਸ ਫੈਕਟਰੀ ’ਚ ਅੱਗ ਲੱਗਣ ਕਾਰਨ 52 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖ਼ਮੀ

ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਇਲਾਕੇ ਸਥਿਤ ਇੱਕ ਫੈਕਟਰੀ ’ਚ ਅੱਗ ਲੱਗਣ ਕਾਰਨ 52 ਜਣਿਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਨੁਸਾਰ ਨਾਰਾਇਣਗੰਜ ਦੇ ਰੂਪਗੰਜ ਵਿਚਲੀ ਸ਼ੇਜ਼ਾਨ ਜੂਸ ਫੈਕਟਰੀ ’ਚ ਲੰਘੀ ਸ਼ਾਮ ਤਕਰੀਬਨ ਪੰਜ ਵਜੇ ਅੱਗ ਲੱਗ ਗਈ। ਅਜਿਹਾ ਖਦਸ਼ਾ ਹੈ ਕਿ ਅੱਗ ਇਮਾਰਤ ਦੇ ਬੇਸਮੈਂਟ ’ਚ ਲੱਗੀ ਅਤੇ ਕੈਮੀਕਲ ਤੇ ਪਲਾਸਟਿਕ ਦੀਆਂ ਬੋਤਲਾਂ ਕਾਰਨ ਤੇਜ਼ੀ ਨਾਲ ਫੈਲ ਗਈ।

ਗੁਆਂਢੀਆਂ ਨੇ ਦੱਸਿਆ ਕਿ ਫੈਕਟਰੀ ‘ਚ ਕੰਮ ਕਰਨ ਵਾਲੇ ਜ਼ਿਆਦਾਤਰ ਕਾਮੇ ਕਿਸ਼ੋਰ ਸਨ। ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ, “ਹੁਣ ਤੱਕ ਇਸ ਹਾਦਸੇ ਵਿੱਚ 52 ਵਿਅਕਤੀਆਂ ਦੀ ਮੌਤ ਹੋ ਗਈ ਹੈ ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਵਧੇਰੇ ਲਾਸ਼ਾਂ ਅੰਦਰ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।” ਅੱਗ ਤੋਂ ਬਚਣ ਲਈ ਕਈ ਮਜ਼ਦੂਰਾਂ ਨੇ ਇਮਾਰਤ ਤੋਂ ਛਾਲਾਂ ਮਾਰ ਦਿੱਤੀਆਂ। ਮੀਡੀਆ ਰਿਪੋਰਟਾਂ ਅਨੁਸਾਰ ਹਾਸ਼ਮ ਫੂਡਜ਼ ਲਿਮਿਟਡ ਦੇ ਕਾਰਖਾਨੇ ਦੀ ਇਮਾਰਤ ’ਚ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਲੱਗੀਆਂ ਹੋਈਆਂ ਹਨ।

ਹਾਦਸੇ ਤੋਂ ਬਚੇ ਕਈ ਲੋਕਾਂ ਨੇ ਇਸ ਹਾਦਸੇ ਲਈ ਕਾਰਖਾਨੇ ’ਚੋਂ ਬਾਹਰ ਨਿਕਲਣ ਦਾ ਇੱਕੋ ਇੱਕ ਰਾਹ  ਮੁੱਖ ਦਰਵਾਜ਼ੇ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਮਾਰਤ ’ਚ ਅੱਗ ਬੁਝਾਉਣ ਦੇ ਸੁਰੱਖਿਆ ਬੰਦੋਬਸਤ ਨਹੀਂ ਸਨ।ਅੱਗ ਬੁਝਾਊ ਸੇਵਾ ਦੇ ਡਿਪਟੀ ਡਾਇਰੈਕਟਰ ਅਬਦੁੱਲ੍ਹਾ ਅਲ ਅਰੇਫਿਨ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ’ਚ ਅਜੇ ਥੋੜ੍ਹਾ ਸਮਾਂ ਲੱਗੇਗਾ।

ਰਾਸ਼ਟਰਪਤੀ ਅਬਦੁੱਲ ਹਾਮਿਦ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਸ ਹਾਦਸੇ ਵਿੱਚ ਜਾਨ-ਮਾਲ ਦੇ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਆਮ ਆਦਮੀ ਪਾਰਟੀ ਸਮਝੌਤੇ ਵਾਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਕੇ ਮੈਦਾਨ ਛੱਡ ਕੇ ਭੱਜੀ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਦੋਂ …

Leave a Reply

Your email address will not be published. Required fields are marked *