ਮੁੱਖ ਮੰਤਰੀ ਦੀ ਅਪੀਲ ਦੇ ਜਵਾਬ ‘ਚ ਕੋਰੋਨਾ ਤੋਂ ਸਿਹਤਯਾਬ ਹੋਏ 40 ਪੁਲਿਸ ਮੁਲਾਜ਼ਮਾਂ ਨੇ ਪਲਾਜ਼ਮਾ ਦਾਨ ਲਈ ਕੀਤੀ ਪੇਸ਼ਕਸ਼

TeamGlobalPunjab
5 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਦੇ ਜਵਾਬ ਵਿੱਚ, ਹਾਲ ਹੀ ਵਿੱਚ ਕੋਵਿਡ -19 ਦੀ ਲਾਗ ਤੋਂ ਸਿਹਤਯਾਬ ਹੋਏ 40 ਪੁਲਿਸ ਮੁਲਾਜ਼ਮਾਂ ਨੇ ਮਾਰੂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਦੂਜੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਆਪਣੇ ਖੂਨ ਦਾ ਪਲਾਜ਼ਮਾ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ ਜਲੰਧਰ ਦਿਹਾਤੀ ਇਲਾਕੇ ਨਾਲ ਸਬੰਧਤ ਹਨ ਅਤੇ ਐਸਐਸਪੀ ਨਵਜੋਤ ਸਿੰਘ ਮਾਹਲ ਖ਼ੁਦ ਇਸ ਲਾਗ ਤੋਂ ਠੀਕ ਹੋਣ ਬਾਅਦ ਹੋਰਨਾਂ ਨੂੰ ਵੀ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਉਹਨਾਂ ਨੇ ਕੋਵਿਡ-19 ਮਹਾਮਾਰੀ ਤੋਂ ਸਿਹਤਯਾਬ ਹੋਏ ਆਪਣੇ ਸਾਥੀ ਅਧਿਕਾਰੀਆਂ ਅਤੇ ਹੋਰਨਾਂ ਕੋਲ ਨਿੱਜੀ ਤੌਰ ‘ਤੇ ਜਾ ਕੇ ਉਹਨਾਂ ਨੂੰ ਦੋ ਹਫ਼ਤਿਆਂ ਦੀ ਰਿਕਵਰੀ ਦਾ ਸਮਾਂ ਖ਼ਤਮ ਹੋਣ ਮਗਰੋਂ ਹੋਰਨਾਂ ਸ਼ਰਤਾਂ ਅਨੁਸਾਰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ।

ਗੁਪਤਾ ਨੇ ਖੁਲਾਸਾ ਕੀਤਾ ਕਿ ਐਸਐਸਪੀ ਜਲੰਧਰ ਦਿਹਾਤੀ ਦੇ ਪਲਾਜ਼ਮਾ ਦਾਨ ਲਈ ਵਚਨਬੱਧ ਹੋਣ ਤੋਂ 24 ਘੰਟਿਆਂ ਦੇ ਅੰਦਰ, 40 ਹੋਰ ਪੁਲਿਸ ਮੁਲਾਜ਼ਮਾਂ ਨੇ ਵੀ ਸਵੈ-ਇੱਛਾ ਨਾਲ ਪਲਾਜ਼ਮਾ ਦਾਨ ਕੀਤਾ, ਜਿਸ ਤੋਂ ਬਾਅਦ ਕਈ ਹੋਰ ਵੀ ਅੱਗੇ ਆਏ। ਦੋ ਹੋਰ ਪੁਲਿਸ ਮੁਲਾਜ਼ਮਾਂ ਏਐਸਆਈ ਰਾਮ ਲਾਲ ਅਤੇ ਪੀਐਚਜੀ ਲਖਵਿੰਦਰ ਸਿੰਘ ਦਾ ਪਲਾਜ਼ਮਾ ਪਹਿਲਾਂ ਹੀ ਲਿਆ ਜਾ ਚੁੱਕਾ ਸੀ।

ਡੀਜੀਪੀ ਨੇ ਕਿਹਾ ਕਿ ਜਲੰਧਰ ਦਿਹਾਤੀ ਦੇ ਕੋਵਿਡ -19 ਤੋਂ ਸਿਹਤਯਾਬ ਹੋਏ ਸਾਰੇ 33 ਕਰਮਚਾਰੀਆਂ ਨੇ ਪਲਾਜ਼ਮਾ ਦਾਨ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਹੋਰ ਜ਼ਿਲ੍ਹਿਆਂ ਵਿੱਚ ਵੀ ਪੁਲਿਸ ਵਿਭਾਗ ਵੱਲੋਂ ਪਲਾਜ਼ਮਾ ਦਾਨ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਬਟਾਲਾ ਵਿਚ ਵੀ, ਦੋਨੋਂ ਸਿਹਤਯਾਬ ਹੋਏ ਪੁਲਿਸ ਮੁਲਾਜ਼ਮਾਂ ਨੇ ਪਲਾਜ਼ਮਾ ਦਾਨ ਕਰਨ ਲਈ ਸਵੈ-ਇੱਛਾ ਦਰਸਾਈ ਹੈ ਜਦੋਂਕਿ ਗੁਰਦਾਸਪੁਰ ਵਿਚ ਪ੍ਰਭਾਵਿਤ ਦੋ ਵਿਅਕਤੀਆਂ ਵਿਚੋਂ ਇਕ ਸਿਹਤਯਾਬ ਹੋ ਕੇ ਆਪਣਾ ਪਲਾਜ਼ਮਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਕਪੂਰਥਲਾ ਵਿੱਚ ਸੰਕਰਮਿਤ ਹੋਏ 14 ਪੁਲਿਸ ਮੁਲਾਜ਼ਮਾਂ ਵਿਚੋਂ 10 ਸਿਹਤਯਾਬ ਹੋ ਚੁੱਕੇ ਹਨ ਅਤੇ ਉਨ੍ਹਾਂ ਵਿਚੋਂ ਤਿੰਨ ਨੂੰ ਵਲੰਟੀਅਰਾਂ ਵਜੋਂ ਸੂਚੀਬੱਧ ਕੀਤਾ ਗਿਆ ਹੈ ਜਦੋਂਕਿ ਬਾਕੀ 7 ਨੂੰ ਇਸ ਪ੍ਰਕਿਰਿਆ ਤੋਂ ਬਾਹਰ ਰਹਿਣਾ ਪਿਆ ਕਿਉਂਕਿ ਉਹ ਸਹਿ-ਰੋਗ ਦੀ ਸਥਿਤੀ ਵਿੱਚ ਪਾਏ ਗਏ ਸਨ। ਇਸ ਸਮੇਂ ਜਲੰਧਰ ਦਿਹਾਤੀ ‘ਚ 7 ਅਤੇ ਬਟਾਲਾ ‘ਚ 4 ਐਕਟਿਵ ਕੇਸ ਹਨ।

- Advertisement -

ਡੀਜੀਪੀ ਅਨੁਸਾਰ, ਬਿਮਾਰੀ ਨਾਲ ਜੂਝ ਰਹੇ ਦੂਜੇ ਮਰੀਜ਼ਾਂ ਦੀ ਮਦਦ ਲਈ ਪਲਾਜ਼ਮਾ ਦਾਨ ਕਰਨ ਵਾਲੇ ਵਲੰਟੀਅਰਾਂ ਲਈ ਪੰਜਾਬ ਪੁਲਿਸ ਵੱਲੋਂ ਇੱਕ ਵਿਸ਼ੇਸ਼ ਲਿੰਕ ਬਣਾਇਆ ਗਿਆ ਹੈ। ਗੁਪਤਾ ਨੇ ਕਿਹਾ ਕਿ ਸਿਹਤਯਾਬ ਹੋਏ ਪੁਲਿਸ ਮੁਲਾਜ਼ਮਾਂ ਨੂੰ ਇਸ ਨੇਕ ਕੰਮ ਵਾਸਤੇ ਅੱਗੇ ਆਉਣ ਲਈ ਜਾਗਰੂਕਤਾ ਪੈਦਾ ਕਰਨ ਸਬੰਧੀ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਡੀਜੀਪੀ ਨੇ ਪੰਜਾਬ ਪੁਲਿਸ ਦੇ ਕੋਰੋਨਾ ਯੋਧਿਆਂ ਦੀ ਆਪਣੇ ਫ਼ਰਜ਼ ਅਤੇ ਮਨੁੱਖਤਾ ਪ੍ਰਤੀ ਸੇਵਾ ਸਮਰਪਣ ਲਈ ਸ਼ਲਾਘਾ ਕੀਤੀ।

ਮਾਹਿਰਾਂ ਅਨੁਸਾਰ ਜ਼ਿਆਦਾਤਰ ਵਲੰਟੀਅਰ ਬਿਨਾਂ ਲੱਛਣਾਂ ਵਾਲੇ ਹਨ, ਉਨ੍ਹਾਂ ਦੀ ਅੰਦਰੂਨੀ ਪ੍ਰਤੀਰੋਧਤਾ ਸ਼ਕਤੀ ਵਧੇਰੇ ਸੀ। ਡੀਜੀਪੀ ਨੇ ਕਿਹਾ ਕਿ ਕਈ ਹੋਰ ਪੁਲਿਸ ਮੁਲਾਜ਼ਮਾਂ ਦਾ ਅਜੇ ਵੀ ਕੋਵਿਡ -19 ਦਾ ਇਲਾਜ ਚੱਲ ਰਿਹਾ ਹੈ, ਉਹਨਾਂ ਨੂੰ ਅਗਲੇ ਕੁਝ ਦਿਨਾਂ ਵਿੱਚ ਹੋਰ ਦਾਨ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਅੱਗੇ ਆਉਣ ਦੀ ਉਮੀਦ ਹੈ। 28 ਜੁਲਾਈ ਤੱਕ, ਪੰਜਾਬ ਪੁਲਿਸ ਦੇ ਕੁੱਲ 831 ਜਵਾਨਾਂ ਦਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਸੀ, ਜਿਨ੍ਹਾਂ ਵਿਚੋਂ 336 ਸਿਹਤਯਾਬ ਹੋਏ ਸਨ। ਇਨ੍ਹਾਂ ਵਿਚੋਂ 303 ਲਗਭਗ ਦੋ ਹਫ਼ਤੇ ਪਹਿਲਾਂ ਤੱਕ ਠੀਕ ਹੋ ਗਏ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਲਾਜ਼ਮਾ ਦਾਨ ਕਰਨ ਵਾਲਿਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋ ਸਕਦਾ ਹੈ।
ਗੁਪਤਾ ਨੇ ਕਿਹਾ ਕਿ ਇਸ ਵੇਲੇ ਵਿਭਾਗ ਦੇ 495 ਐਕਟਿਵ ਕੇਸ ਹਨ ਅਤੇ ਜਿੰਨੇ ਜ਼ਿਆਦਾ ਪੁਲਿਸ ਅਧਿਕਾਰੀ ਠੀਕ ਹੋ ਰਹੇ ਹਨ, ਵਲੰਟੀਅਰਾਂ ਦੀ ਗਿਣਤੀ ਵਿੱਚ ਉਨੀ ਹੀ ਤੇਜ਼ੀ ਨਾਲ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਨੇ ਛੇਤੀ ਕੋਰੋਨਾ ਪੀੜਤਾਂ ਦਾ ਪਤਾ ਲਗਾਉਣ, ਇਕਾਂਤਵਾਸ ਵਿੱਚ ਰੱਖਣ ਅਤੇ ਇਲਾਜ ਨੂੰ ਯਕੀਨੀ ਬਣਾਉਣ ਲਈ ਫਰੰਟ ਲਾਈਨ ਡਿਊਟੀ ‘ਤੇ ਆਪਣੇ ਕਰਮਚਾਰੀਆਂ ਦੀ ਜਾਂਚ ਕਰਨ ਲਈ ਇਕ ਵਿਸਥਾਰਤ ਢੰਗ ਸਥਾਪਿਤ ਕੀਤਾ ਹੈ। ਸੂਬਾ ਸਰਕਾਰ ਵੱਲੋਂ ਪਟਿਆਲਾ ਵਿਚ ਇਕ ਪਲਾਜ਼ਮਾ ਬੈਂਕ ਸਥਾਪਤ ਕੀਤਾ ਗਿਆ ਹੈ ਅਤੇ ਕੋਵਿਡ ਇਲਾਜ ਤੇ ਦੇਖਭਾਲ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਦੋ ਹੋਰ ਪਲਾਜ਼ਮਾ ਬੈਂਕ ਕਾਰਜਸ਼ੀਲ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ।

Share this Article
Leave a comment