ਅੰਮ੍ਰਿਤਸਰ : ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਸੂਬੇ ਦੀ ਪੁਲਿਸ ਨਸ਼ਾ ਖਤਮ ਕਰਨ ਲਈ ਕੋਸ਼ਿਸ਼ਾਂ ਕਰਨ ਦੇ ਦਾਅਵੇ ਕਰਨ ਦੇ ਨਾਲ ਨਾਲ ਇਸ ਨੂੰ ਖਤਮ ਕਰਨ ਲਈ ਆਮ ਜਨਤਾ ਦਾ ਵੀ ਸਾਥ ਮੰਗ ਰਹੀ ਹੈ ਉੱਥੇ ਇਸੇ ਮਾਹੌਲ ਵਿੱਚ ਪਾਕਿ ਵਾਲੇ ਪਾਸਿਓਂ ਸਰਹੱਦ ‘ਤੇ ਅਜਿਹੀ ਚੀਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਿਸ ਨਾਲ ਪੂਰਾ ਪੰਜਾਬ ਤਬਾਹ ਹੋ ਸਕਦਾ ਸੀ। ਦਰਅਸਲ ਭਾਰਤ ਪਾਕਿ ਸਰਹੱਦ ‘ਤੇ ਮੌਜੂਦ ਚੌਂਕੀ ਬਹਾਦਰ ਕੇ ਵਿਖੇ ਸੁਰੱਖਿਆ ਦਸਤੇ (ਬੀਐਸਫ) ਵੱਲੋਂ ਹੈਰੋਇਨ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਇਸ ਹੈਰੋਇਨ ਦੀ ਬਜ਼ਾਰ ਵਿੱਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਹੈਰੋਇਨ ਦੇ ਇਹ ਇੰਨੀ ਵੱਡੀ ਖੇਪ ਗੁਆਂਢੀ ਮੁਲਕ ਪਾਕਿ ਵਾਲੇ ਪਾਸਿਓਂ ਕੁਝ ਤਸਕਰਾਂ ਵੱਲੋਂ ਸਰਹੱਦ ‘ਤੇ ਮੌਜੂਦ ਕੰਡਿਆਲੀ ਤਾਰ ਤੋਂ ਪਾਰ ਸਿੱਟੀ ਗਈ ਸੀ ਜਿਸ ਨੂੰ ਬੀਐਸਐਫ ਵੱਲੋਂ ਬਰਾਮਦ ਕਰ ਲਿਆ ਗਿਆ। ਇੱਕ ਪਾਸੇ ਜਿੱਥੇ ਪੰਜਾਬ ਅੰਦਰ ਹਰ ਦਿਨ ਨਸ਼ਿਆਂ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਉੱਥੇ ਇੰਨੀ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਖੇਪ ਮਿਲਣਾ ਬਹੁਤ ਚਿੰਤਾ ਦਾ ਵਿਸ਼ਾ ਹੈ।