ਮਾਪਿਆਂ ਨਾਲ ਮਿਲਣ ਦੀ ਉਡੀਕ ਰਹਿ ਗਈ ਅਧੂਰੀ, ਕੈਨੇਡਾ ‘ਚ ਅਮੀਤੋਜ ਕੌਰ ਨਾਲ ਵਾਪਰੀ ਮੰਦਭਾਗੀ ਘਟਨਾ

Global Team
3 Min Read

ਨੋਵਾ ਸਕੋਸ਼ੀਆ: ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੇ ਬ੍ਰਿਜਵਾਟਰ ਸ਼ਹਿਰ ਵਿੱਚ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਪੰਜਾਬ ਤੋਂ ਗਈ 24 ਸਾਲਾ ਸਟੂਡੈਂਟ ਅਮੀਤੋਜ ਕੌਰ ਦੀ ਮੌਤ ਹੋ ਗਈ। ਸਥਾਨਕ ਲੋਕਾਂ ਵਲੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਸ ਨੂੰ ਇਮਾਰਤ ਵਿੱਚੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲ ਸਕਿਆ।

ਬਿਹਤਰ ਭਵਿੱਖ ਲਈ 2020 ਵਿੱਚ ਗਈ ਸੀ ਕੈਨੇਡਾ

ਅਮੀਤੋਜ ਕੌਰ ਸਾਲ 2020 ਵਿੱਚ ਆਪਣੇ ਸੁਪਨਿਆਂ ਅਤੇ ਬਿਹਤਰ ਭਵਿੱਖ ਦੀ ਉਮੀਦ ਨਾਲ ਕੈਨੇਡਾ ਗਈ ਸੀ। ਜਾਣਕਾਰੀ ਮੁਤਾਬਕ ਉਹ ਲੰਮੇ ਸਮੇਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਵਾਪਸ ਆਉਣ ਦੀ ਤਿਆਰੀ ਕਰ ਰਹੀ ਸੀ, ਪਰ ਇਸ ਤੋਂ ਪਹਿਲਾਂ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਇਹ ਅੱਗ ਬ੍ਰਿਜਵਾਟਰ ਦੇ ਕਿੰਗ ਸਟ੍ਰੀਟ ਇਲਾਕੇ ਵਿੱਚ ਦੁਪਹਿਰ ਸਮੇਂ ਲੱਗੀ, ਜਿੱਥੇ ਦੋ ਰਿਹਾਇਸ਼ੀ ਇਮਾਰਤਾਂ ਅੱਗ ਦੀ ਲਪੇਟ ਵਿੱਚ ਆ ਗਈਆਂ ਅਤੇ ਤੀਜੇ ਮਕਾਨ ਨੂੰ ਵੀ ਖ਼ਤਰਾ ਬਣ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਅੱਗ ਇੰਨੀ ਭਿਆਨਕ ਸੀ ਕਿ ਅੰਦਰ ਦਾਖਲ ਹੋ ਕੇ ਕਿਸੇ ਨੂੰ ਸੁਰੱਖਿਅਤ ਬਾਹਰ ਕੱਢਣਾ ਸੰਭਵ ਨਹੀਂ ਸੀ।

ਕਈ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਮਿਲੀ ਮ੍ਰਿਤਕ ਦੇਹ

ਫਾਇਰ ਸਰਵਿਸ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਪਹੁੰਚੀਆਂ ਟੀਮਾਂ ਨੇ ਕਈ ਘੰਟਿਆਂ ਤੱਕ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਸ਼ਾਮ ਨੂੰ ਜਦੋਂ ਪਹਿਲੀ ਵਾਰ ਅੰਦਰ ਦਾਖਲ ਹੋਣਾ ਸੰਭਵ ਹੋਇਆ ਤਾਂ ਬੇਸਮੈਂਟ ਵਾਲੇ ਹਿੱਸੇ ਵਿੱਚੋਂ ਇੱਕ ਲਾਸ਼ ਮਿਲੀ, ਜਿਸ ਨੂੰ ਅਮੀਤੋਜ ਕੌਰ ਮੰਨਿਅ ਜਾ ਰਿਹਾ ਹੈ।

ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਵਿੱਚ ਸੋਗ ਦਾ ਮਾਹੌਲ ਹੈ। ਸਥਾਨਕ ਪ੍ਰਸ਼ਾਸਨ ਨੇ ਕਿਹਾ ਹੈ ਕਿ ਪੁਲਿਸ, ਮੈਡੀਕਲ ਜਾਂਚ ਅਧਿਕਾਰੀ ਅਤੇ ਫਾਇਰ ਮਾਰਸ਼ਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਘਟਨਾ ਦੇ ਕਾਰਨਾਂ ਬਾਰੇ ਅੱਗੇ ਜਾਣਕਾਰੀ ਦਿੱਤੀ ਜਾਵੇਗੀ।

ਅਮੀਤੋਜ ਕੌਰ ਦੀ ਮੌਤ ਤੋਂ ਬਾਅਦ ਉਸਦੇ ਦੋਸਤਾਂ ਵੱਲੋਂ GoFundMe ਮੁਹਿੰਮ ਸ਼ੁਰੂ ਕੀਤੀ ਗਈ ਹੈ, ਤਾਂ ਜੋ ਉਸਦੀ ਦੇਹ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣ, ਕਾਨੂੰਨੀ ਕਾਰਵਾਈ ਅਤੇ ਅੰਤਿਮ ਸੰਸਕਾਰ ਨਾਲ ਜੁੜੇ ਖਰਚਿਆਂ ਲਈ ਪਰਿਵਾਰ ਦੀ ਮਦਦ ਕੀਤੀ ਜਾ ਸਕੇ। ਪਰਿਵਾਰ ਅਤੇ ਦੋਸਤਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਸ਼ਕਲ ਵੇਲੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਇਸ ਮੁਹਿੰਮ ਨੂੰ ਅੱਗੇ ਤੱਕ ਸਾਂਝਾ ਕਰਨ।


ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment