ਵਾਸ਼ਿੰਗਟਨ: ਅਮਰੀਕਾ ਦੇ ਟੈਕਸਸ ਸੂਬੇ ‘ਚ ਸਥਿਤ ਇੱਕ ਸ਼ਾਪਿੰਗ ਸੈਂਟਰ ‘ਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ ‘ਚ 20 ਲੋਕਾਂ ਦੀ ਮੌਤ ਹੋ ਗਈ। ਜਦਕਿ ਇਸ ਘਟਨਾ ‘ਚ 26 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਬੰਦੂਕਧਾਰੀ ਨੇ ਅਸਾਲਟ ਰਾਈਫਲ ਨਾਲ ਵਾਲਮਾਰਟ ਦੇ ਸਟੋਰ ‘ਚ ਸ਼ਾਪਿੰਗ ਕਰ ਰਹੇ ਲੋਕਾਂ ‘ਤੇ ਅੰਨੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸਥਾਨਕ ਪੁਲਿਸ ਨੇ ਇਸ ਘਟਨਾ ਮਗਰੋਂ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਦੂਜੀ ਘਟਨਾ ਓਹੀਓ ਸੂਬੇ ਦੀ ਹੈ ਜਿੱਥੇ ਸ਼ਨੀਵਾਰ ਦੇਰ ਰਾਤ ਗੋਲੀਬਾਰੀ ‘ਚ ਹਮਲਾਵਰ ਸਣੇ 10 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਡੇਅਟਨ ਸ਼ਹਿਰ ਵਿੱਚ ਵਾਪਰੀ, ਜਿਸ ਵਿੱਚ 16 ਲੋਕ ਜ਼ਖ਼ਮੀ ਵੀ ਹੋਏ ਹਨ। ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜੀ ਗੋਲ਼ੀਬਾਰੀ ਦੀ ਘਟਨਾ ਹੈ।
ਵਾਲਮਾਰਟ ‘ਚ ਹਮਲਾ ਕਰਨ ਵਾਲੇ ਬੰਦੂਕਧਾਰੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਹੱਥ ਵਿੱਚ ਬੰਦੂਕ ਫੜੀ ਗੋਲ਼ੀਆਂ ਚਲਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ। ਉਸ ਦੇ ਹੱਥ ਵਿੱਚ ਏਕੇ 47 ਵਰਗੀ ਕੋਈ ਆਟੋਮੈਟਿਕ ਰਾਈਫਲ ਫੜੀ ਹੋਈ ਹੈ। ਇਸ ਘਟਨਾ ‘ਤੇ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਵਾਲਮਾਰਟ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Terrible shootings in ElPaso, Texas. Reports are very bad, many killed. Working with State and Local authorities, and Law Enforcement. Spoke to Governor to pledge total support of Federal Government. God be with you all!
— Donald J. Trump (@realDonaldTrump) August 3, 2019
ਦੱਸ ਦੇਈਏ ਕਿ ਪਿਛਲੇ ਐਤਵਾਰ ਨੂੰ ਉੱਤਰੀ ਕੈਲੇਫੋਰਨੀਆ ਵਿੱਚ ਸਾਲਾਨਾ ਅਦਰਕ ਮੇਲੇ ਦੌਰਾਨ ਵੀ ਅਜਿਹੀ ਗੋਲ਼ੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ ਸੀ।