ਨਿਊਜ਼ ਡੈਸਕ: ਯੂਕਰੇਨ ਜੰਗ ਦੌਰਾਨ, ਰੂਸ ‘ਤੇ ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਆਪਣੀ ਫੌਜ ‘ਚ ਭਰਤੀ ਕਰਨ ਅਤੇ ਉਨ੍ਹਾਂ ਨੂੰ ਯੁੱਧ ਖੇਤਰ ‘ਚ ਤਾਇਨਾਤ ਕਰਨ ਦੇ ਦੋਸ਼ ਲੱਗੇ ਹਨ। ਭਾਰਤ ਸਰਕਾਰ ਨੇ ਖੁਦ ਇਹ ਮਾਮਲਾ ਰੂਸ ਕੋਲ ਚੁੱਕਿਆ ਹੈ। ਇਸ ਦੌਰਾਨ ਰੂਸ ਵਿੱਚ ਮਿਜ਼ਾਈਲ ਹਮਲੇ ਦੌਰਾਨ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਗੁਜਰਾਤ ਦਾ ਰਹਿਣ ਵਾਲਾ 23 ਸਾਲਾ ਹੇਮਿਲ ਮੰਗੂਕੀਆ 21 ਫਰਵਰੀ ਨੂੰ ਰੂਸ ਵਿੱਚ ਮਿਜ਼ਾਈਲ ਹਮਲੇ ਵਿੱਚ ਮਾਰਿਆ ਗਿਆ ਸੀ। ਹੈਮਿਲ ਦੀ ਮ੍ਰਿਤਕ ਦੇਹ ਹਾਲੇ ਤੱਕ ਭਾਰਤ ਨਹੀਂ ਪੁੱਜੀ। ਉਹ ਸੂਰਤ ਦੇ ਪਾਟੀਦਾਰ ਇਲਾਕੇ ਵਰਾਛਾ ਦੇ ਆਨੰਦਨਗਰ ਵਾੜੀ ਦਾ ਰਹਿਣ ਵਾਲਾ ਸੀ। ਹੁਣ ਮੰਗੂਕੀਆ ਪਰਿਵਾਰ ਸੋਮਵਾਰ ਸ਼ਾਮ ਨੂੰ ਬਗੈਰ ਦੇਹ ਦੇ ਅੰਤਿਮ ਸੰਸਕਾਰ ਕਰੇਗਾ।
ਇੱਕ ਰਿਪੋਰਟ ਮੁਤਾਬਕ ਹੈਮਿਲ ਦੇ ਪਿਤਾ ਅਸ਼ਵਿਨ ਮੰਗੁਕੀਆ ਨੇ ਕਿਹਾ, “ਅਸੀਂ ਸਾਡੀ ਸਰਕਾਰ ਨੂੰ ਰੂਸੀ ਅਧਿਕਾਰੀਆਂ ਨਾਲ ਗੱਲ ਕਰਨ ਅਤੇ ਮੇਰੇ ਪੁੱਤਰ ਦੀ ਦੇਹ ਨੂੰ ਉਸ ਦੇ ਜੱਦੀ ਸ਼ਹਿਰ ਸੂਰਤ ਲਿਆਉਣ ਦੀ ਬੇਨਤੀ ਕਰਦੇ ਹਾਂ।” ਉਸ ਦੀ ਮੌਤ 21 ਫਰਵਰੀ ਨੂੰ ਹੋਈ ਸੀ। ਸਾਨੂੰ ਇਹ ਵੀ ਨਹੀਂ ਪਤਾ ਕਿ ਉਸ ਦੀ ਦੇਹ ਕਿੱਥੇ ਹੈ। ਸਾਡੇ ਕੋਲ ਕਿਸੇ ਹੋਰ ਨਾਲ ਗੱਲ ਕਰਨ ਲਈ ਵੀ ਕੋਈ ਜਾਣਕਾਰੀ ਨਹੀਂ ਹੈ। ਅਸੀਂ ਬੇਵੱਸ ਹਾਂ।” ਪਰਿਵਾਰ ਅਨੁਸਾਰ ਹੈਮਿਲ ਨੇ ਉਹਨਾਂ ਨਾਲ ਆਖਰੀ ਵਾਰ 20 ਫਰਵਰੀ ਨੂੰ ਗੱਲ ਕੀਤੀ ਸੀ। 21 ਫਰਵਰੀ ਨੂੰ ਉਸ ਦੀ ਮੌਤ ਹੋ ਗਈ। ਹੈਮਿਲ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਠੀਕ ਹੈ ਪਰ ਇਹ ਨਹੀਂ ਦੱਸਿਆ ਕਿ ਉਸ ਕੋਲ ਕਿਹੜੀ ਨੌਕਰੀ ਹੈ। ਪਰਿਵਾਰ ਨੂੰ ਸਿਰਫ ਇਹ ਪਤਾ ਸੀ ਕਿ ਉਹ ਰੂਸ ਵਿਚ “ਸਹਾਇਕ” ਵਜੋਂ ਕੰਮ ਕਰਦਾ ਸੀ। ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਹੈਮਿਲ ਨੂੰ ਯੂਕਰੇਨ ਦੀ ਸਰਹੱਦ ‘ਤੇ ਯੁੱਧ ਖੇਤਰ ਵਿੱਚ ਤਾਇਨਾਤ” ਕੀਤਾ ਗਿਆ ਸੀ।
ਅਸ਼ਵਿਨ ਨੇ ਕਿਹਾ ਕਿ ਉਨ੍ਹਾਂ ਨੂੰ ਹੈਮਿਲ ਦੀ ਮੌਤ ਦੀ ਖਬਰ 23 ਫਰਵਰੀ ਨੂੰ ਮਿਲੀ ਸੀ। ਉਹਨਾਂ ਦੱਸਿਆ, ”ਖੁਦ ਨੂੰ ਹੈਦਰਾਬਾਦ ਦਾ ਰਹਿਣ ਵਾਲਾ ਇਮਰਾਨ ਦੱਸਣ ਵਾਲੇ ਵਿਅਕਤੀ ਨੇ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਸਾਨੂੰ ਫੋਨ ਕੀਤਾ ਅਤੇ ਯੁੱਧ ਖੇਤਰ ‘ਚ ਮਿਜ਼ਾਈਲ ਹਮਲੇ ‘ਚ ਹੇਮਿਲ ਦੀ ਮੌਤ ਦੀ ਸੂਚਨਾ ਦਿੱਤੀ। ਇਮਰਾਨ ਨੇ ਦੱਸਿਆ ਕਿ ਉਸ ਦਾ ਭਰਾ ਵੀ ਹੈਮਿਲ ਦੇ ਨਾਲ ਸੀ।” ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਰੂਸ ‘ਤੇ ਯੂਕਰੇਨ ਯੁੱਧ ‘ਚ ਕਈ ਭਾਰਤੀਆਂ ਨੂੰ ਤਾਇਨਾਤ ਕਰਨ ਦੇ ਦੋਸ਼ ਹਨ।