ਨਿਊਜ਼ ਡੈਸਕ: ਪੰਜਾਬ ਦੇ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ ਕਸਬਾ ਗੁਰੂਹਰਸਹਾਏ ਦੇ ਪਿੰਡ ਮੂਸੇਵਾਲਾ ਦੇ 22 ਸਾਲਾ ਮਨਦੀਪ ਸਿੰਘ ਦਾ ਅਮਰੀਕਾ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਅਤੇ ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਦੀ ਗੁਹਾਰ ਲਗਾਈ ਹੈ।
ਮਨਦੀਪ ਸਿੰਘ ਆਪਣੇ ਪਰਿਵਾਰ ਲਈ, ਰੁਜ਼ਗਾਰ ਤੇ ਬਿਹਤਰ ਭਵਿੱਖ ਦੀ ਉਮੀਦ ‘ਚ ਲਗਭਗ ਚਾਰ ਸਾਲ ਪਹਿਲਾਂ ਅਮਰੀਕਾ ਗਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਉਹ ਵਿਦੇਸ਼ ‘ਚ ਸਖ਼ਤ ਮਿਹਨਤ ਕਰੇਗਾ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰੇਗਾ, ਪਰ ਉਸ ਦੀ ਬੇਵਕਤੀ ਮੌਤ ਨੇ ਉਨ੍ਹਾਂ ਸਾਰੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਨਦੀਪ ਸਿੰਘ ਨੂੰ ਅਮਰੀਕਾ ਭੇਜਣ ਲਈ ਕਰਜ਼ਾ ਲਿਆ ਸੀ, ਪਰ ਅਜੇ ਤੱਕ ਇਹ ਕਰਜ਼ਾ ਪੂਰੀ ਤਰ੍ਹਾਂ ਉਤਰਿਆ ਨਹੀਂ ਸੀ।
ਸਰਕਾਰ ਤੋਂ ਮਦਦ ਦੀ ਗੁਹਾਰ
ਮਨਦੀਪ ਸਿੰਘ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਕੋਲ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਵਿੱਚ ਹਰ ਸੰਭਵ ਸਹਾਇਤਾ ਕੀਤੀ ਜਾਵੇ, ਤਾਂ ਜੋ ਉਹ ਆਪਣੇ ਪੁੱਤਰ ਦੀਆਂ ਆਖ਼ਰੀ ਰਸਮਾਂ ਆਪਣੇ ਹੱਥੀਂ ਨਿਭਾਅ ਸਕਣ।

