ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਟੱਡੀ ਵੀਜ਼ੇ ‘ਤੇ ਆਏ ਦੋ ਪੰਜਾਬੀ ਨੌਜਵਾਨਾਂ, 22 ਸਾਲਾ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ, ਨੂੰ ਜਾਨਲੇਵਾ ਸੜਕ ਹਾਦਸੇ ਦੇ ਮਾਮਲੇ ਵਿੱਚ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਦੋਹਾਂ ਨੂੰ ਭਾਰਤ ਡਿਪੋਰਟ ਕੀਤਾ ਜਾਵੇਗਾ। 27 ਜਨਵਰੀ 2024 ਨੂੰ ਸਰੀ ਦੀ 132ਵੀਂ ਸਟ੍ਰੀਟ ‘ਤੇ ਵਾਪਰੇ ਇਸ ਹਾਦਸੇ ਵਿੱਚ ਦੋਹਾਂ ਨੇ ਇੱਕ ਵਿਅਕਤੀ ਨੂੰ ਆਪਣੀ ਮਸਟੈਂਗ ਕਾਰ ਹੇਠ ਸਵਾ ਕਿਲੋਮੀਟਰ ਤੱਕ ਘੜੀਸਿਆ ਅਤੇ ਫਿਰ ਉਸ ਦੀ ਲਾਸ਼ ਨੂੰ ਇੱਕ ਬੰਦ ਗਲੀ ਵਿੱਚ ਸੁੱਟ ਕੇ ਫਰਾਰ ਹੋ ਗਏ। ਦੋਹਾਂ ਨੇ ਖਤਰਨਾਕ ਡ੍ਰਾਈਵਿੰਗ, ਮੌਕੇ ਤੋਂ ਭੱਜਣ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਕਬੂਲ ਕਰ ਲਏ।
ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤ ਦੇ 2 ਵਜੇ ਵਾਪਰਿਆ, ਜਦੋਂ ਗਗਨਪ੍ਰੀਤ ਕਾਰ ਚਲਾ ਰਿਹਾ ਸੀ ਅਤੇ ਜਗਦੀਪ ਸਿੰਘ ਨਾਲ ਬੈਠਾ ਸੀ। ਕਾਰ ਵਿੱਚ ਇੱਕ ਤੀਜਾ ਨੌਜਵਾਨ ਵੀ ਸੀ, ਜਿਸ ‘ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ। ਗਵਾਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਸੜਕ ‘ਤੇ ਇੱਕ ਵਿਅਕਤੀ ਨੂੰ ਲੰਮੇ ਪਏ ਵੇਖਿਆ ਅਤੇ 911 ‘ਤੇ ਕਾਲ ਕਰਨ ਲੱਗੇ। ਇਸੇ ਦੌਰਾਨ ਮਸਟੈਂਗ ਨੇ ਉਸ ਨੂੰ ਟੱਕਰ ਮਾਰੀ ਅਤੇ ਵਿਅਕਤੀ ਕਾਰ ਹੇਠ ਫਸ ਗਿਆ। ਗਵਾਹਾਂ ਦੀਆਂ ਚੀਕਾਂ 911 ਕਾਲ ਵਿੱਚ ਰਿਕਾਰਡ ਹੋਈਆਂ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਦੋਹਾਂ ਨੌਜਵਾਨਾਂ ਨੇ 132ਵੀਂ ਸਟ੍ਰੀਟ ‘ਤੇ ਕਾਰ ਹੇਠੋਂ ਲਾਸ਼ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ। ਫਿਰ ਉਨ੍ਹਾਂ ਨੇ ਕਾਰ ਨੂੰ ਇੱਕ ਬੰਦ ਗਲੀ ਵਿੱਚ ਲਿਜਾ ਕੇ ਲਾਸ਼ ਨੂੰ ਵੱਖ ਕੀਤਾ। ਸਰਵੇਲੈਂਸ ਵੀਡੀਓ ਵਿੱਚ ਜਗਦੀਪ ਨੂੰ ਕਾਰ ਰਿਵਰਸ ਕਰਦੇ ਅਤੇ ਗਗਨਪ੍ਰੀਤ ਨੂੰ ਲਾਸ਼ ਖਿੱਚਦੇ ਦੇਖਿਆ ਗਿਆ। ਗਗਨਪ੍ਰੀਤ ਦੇ ਹੱਥਾਂ ‘ਤੇ ਮ੍ਰਿਤਕ ਦਾ ਡੀ.ਐਨ.ਏ. ਵੀ ਮਿਲਿਆ।
ਸਰਕਾਰੀ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਹਾਦਸੇ ਤੋਂ ਬਾਅਦ ਪੀੜਤ ਦੀ ਮਦਦ ਕਰਨ ਦੀ ਬਜਾਏ, ਉਸ ਨੂੰ ਘੜੀਸ ਕੇ ਮੌਤ ਦੇ ਮੂੰਹ ਵਿੱਚ ਲਿਜਾਇਆ ਗਿਆ, ਜੋ ਬਹੁਤ ਹੀ ਨਿੰਦਣਯੋਗ ਹੈ। ਮ੍ਰਿਤਕ ਕੈਨੇਡੀਅਨ ਮੂਲ ਦਾ ਸੀ ਅਤੇ ਉਸ ਨੂੰ ਬਿਨਾਂ ਪੂਰੀਆਂ ਅੰਤਮ ਸੰਸਕਾਰ ਰਸਮਾਂ ਦੇ ਦਫ਼ਨਾਇਆ ਗਿਆ।
ਦੋਸ਼ੀਆਂ ਦੀ ਸਫਾਈ ਅਤੇ ਅਦਾਲਤੀ ਕਾਰਵਾਈ
ਗਗਨਪ੍ਰੀਤ ਨੇ ਅਦਾਲਤ ਵਿੱਚ ਕਿਹਾ ਕਿ ਉਸ ਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਅਤੇ ਘਟਨਾ ਅਚਾਨਕ ਵਾਪਰੀ। ਉਸ ਦੇ ਵਕੀਲ ਗਗਨ ਨਾਹਲ ਨੇ ਦਲੀਲ ਦਿੱਤੀ ਕਿ ਗਗਨਪ੍ਰੀਤ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਅਤੇ ਉਸ ਨੇ ਗੁਨਾਹ ਕਬੂਲ ਕਰ ਲਿਆ, ਇਸ ਲਈ ਨਰਮੀ ਵਰਤੀ ਜਾਵੇ। ਜਗਦੀਪ ਦੇ ਵਕੀਲ ਨੇ ਵੀ ਕਿਹਾ ਕਿ ਉਸ ਦੇ ਮੁਵੱਕਿਲ ਨੂੰ ਹਾਦਸੇ ‘ਤੇ ਪਛਤਾਵਾ ਹੈ ਅਤੇ ਉਸ ਦਾ ਪਹਿਲਾਂ ਕੋਈ ਅਪਰਾਧਿਕ ਇਤਿਹਾਸ ਨਹੀਂ।