ਚੰਡੀਗੜ੍ਹ : 1984 ‘ਚ ਦਿੱਲੀ ਤੇ ਹੋਰਨਾਂ ਸ਼ਹਿਰਾਂ ‘ਚ ਹੋਏ ਸਿੱਖ ਕਤਲੇਆਮ ਤੋਂ 35 ਸਾਲ ਬਾਅਦ ਅੱਜ ਦੇਸ਼ ਦੇ ਸਾਬਕਾ ਪ੍ਰਧਾਨ-ਮੰਤਰੀ ਤੇ ਉੱਘੇ ਕਾਂਗਰਸੀ ਆਗੂ ਡਾ. ਮਨਮੋਹਣ ਸਿੰਘ ਨੇ ਚੁੱਪੀ ਤੋੜੀ ਹੈ। ਉਨ੍ਹਾਂ ਆਪਣੇ ਬਿਆਨ ‘ਚ ਕਿਹਾ ਹੈ ਕਿ ਜੇਕਰ 1 ਨਵੰਬਰ 1984 ਨੂੰ ਦਿੱਲੀ ‘ਚ ਆਰਮੀ ਤੈਨਾਤ ਕੀਤੀ ਜਾਂਦੀ ਤਾਂ 1984 ਸਿੱਖ ਕਤਲੇਆਮ ਨਾ ਹੁੰਦਾ। ਡਾਂ. ਮਨਮੋਹਣ ਸਿੰਘ ਨੇ ਕਿਹਾ ਹੈ ਕਿ 1984 ਸਮੇਂ ਪੀਵੀ ਨਰਸਿੰਮ੍ਹਾ ਰਾਓ ਨੂੰ ਕੁਝ ਵਿਅਕਤੀਆਂ ਵੱਲੋਂ ਦਿੱਲੀ ‘ਚ ਆਰਮੀ ਤੈਨਾਤ ਕਰਨ ਲਈ ਕਿਹਾ ਗਿਆ ਸੀ ਪਰ ਉਸ ਸਮੇਂ ਦੇ ਮੌਜੂਦਾ ਗ੍ਰਹਿ-ਮੰਤਰੀ ਵੱਲੋਂ ਸਾਫ ਮਨ੍ਹਾ ਕਰ ਦਿੱਤਾ ਗਿਆ ਸੀ। ਡਾ. ਮਨਮੋਹਣ ਸਿੰਘ ਦੇ ਤਾਜ਼ਾ ਬਿਆਨ ਨੇ ਕਾਂਗਰਸ ਪਾਰਟੀ ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ।
1984 ਦੇ ਸਿੱਖ ਪੀੜਤਾਂ ਦੇ ਕੇਸ ਲੜ ਰਹੇ ਵਕੀਲ ਨਵਕਿਰਨ ਸਿੰਘ ਨੇ ਇਸ ‘ਤੇ ਕਈ ਅਹਿਮ ਖੁਲਾਸੇ ਕਰਦਿਆਂ ਕਿਹਾ ਕਿ, ਕੀ ਪੀਵੀ ਨਰਸਿੰਮ੍ਹਾ ਰਾਓ ਨੇ ਆਪਣੇ ਮਨ ਦੀ ਇੱਛਾ ਕਰਕੇ ਆਰਮੀ ਤੈਨਾਤ ਨਹੀਂ ਕੀਤੀ ਸੀ ਜਾਂ ਫਿਰ ਉਸ ਨੂੰ ਅਜਿਹਾ ਨਾ ਕਰਨ ਲਈ ਕਿਸੇ ਵੱਡੇ ਲੀਡਰ ਵੱਲੋਂ ਕਿਹਾ ਗਿਆ ਸੀ। ਨਵਕਿਰਨ ਨੇ ਕਿਹਾ ਕਿ ਡਾ. ਮਨਮੋਹਣ ਸਿੰਘ ਨੂੰ ਰਾਜੀਵ ਗਾਂਧੀ ਦਾ ਉਸ ਸਮੇਂ ਦਾ ਬਿਆਨ ਵੀ ਯਾਦ ਹੋਣਾ ਜਿਸ ਤੋਂ ਬਾਅਦ “ਖੂਨ ਦਾ ਬਦਲਾ ਖੂਨ” ਦੇ ਨਾਅਰੇ ਲੱਗੇ ਸਨ। ਇੱਕ ਗਿਣੀ-ਮਿੱਥੀ ਸਾਜ਼ਿਸ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਰਾਜੀਵ ਗਾਂਧੀ ਵੀ ਇਸ ਘਟਨਾ ‘ਚ ਸ਼ਾਮਲ ਸਨ।
ਉਨ੍ਹਾਂ ਡਾ. ਮਨਮੋਹਣ ਸਿੰਘ ਦੇ ਬਿਆਨ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿਰਫ ਇੱਕ ਪੱਖ ਦੀ ਗੱਲ ਕੀਤੀ ਹੈ ਤੇ ਬਾਕੀ ਪੱਖਾਂ ‘ਤੇ ਉਨ੍ਹਾਂ ਨੇ ਚੁੱਪੀ ਨਹੀਂ ਤੋੜੀ ਜਾਂ ਫਿਰ ਉਨ੍ਹਾਂ ਨੂੰ ਇਹ ਵੀ ਕਹਿਣਾ ਚਾਹੀਦਾ ਸੀ ਕਿ ਰਾਜੀਵ ਗਾਂਧੀ ਤੋਂ ਉਸ ਸਮੇਂ ਗਲਤੀ ਹੋਈ ਸੀ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਮਾਫ ਕਰਕੇ ਰਾਹੁਲ ਤੇ ਪ੍ਰਿੰਯਕਾ ਲੋਕ ਦਿਖਾਵਾ ਕਰਦੇ ਹਨ। ਇਸ ਲਈ ਉਨ੍ਹਾਂ ਨੂੰ 1984 ਸਿੱਖ ਕਤਲੇਆਮ ਮੌਕੇ ਰਾਜੀਵ ਗਾਂਧੀ ਵੱਲੋਂ ਦਿੱਤੇ ਬਿਆਨ ਲਈ ਵੀ ਖੁੱਲ੍ਹੀ ਮਾਫੀ ਮੰਗ ਲੈਣੀ ਚਾਹੀਦੀ ਹੈ। ਇਸ ਦੇ ਉਲਟ ਕਾਂਗਰਸ ਪਾਰਟੀ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਇਟਲਰ ਤੇ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਦਾ ਦੋਸ਼ੀ ਨਾ ਮੰਨਦੇ ਹੋਏ ਉਲਟਾ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਦੀਆਂ ਟਿਕਟਾਂ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਡਾ. ਮਨਮੋਹਨ ਸਿੰਘ ਤੇ ਕਾਂਗਰਸ ਪਾਰਟੀ ਨੂੰ ਸਮਝ ਆ ਗਈ ਹੈ ਕਿ 1984 ਸਿੱਖ ਕਤਲੇਆਮ ਸਮੇਂ ਬਹੁਤ ਮਾੜੀ ਗੱਲ ਹੋਈ ਸੀ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਤਾਂ ਇਸ ਲਈ ਕਾਂਗਰਸ ਨੂੰ ਦਰਬਾਰ ਸਾਹਿਬ ਅੱਗੇ ਨਤਮਸਤਕ ਹੋ ਕੇ ਮਾਫੀ ਮੰਗ ਲੈਣੀ ਚਾਹੀਦੀ ਸੀ। ਜਦੋਂ ਕਿ ਡਾ. ਮਨਮੋਹਨ ਸਿੰਘ ਵੱਲੋਂ ਤਾਂ ਇਸ ਘਟਨਾ ਨੂੰ ਭੁੱਲ ਕੇ ਅੱਗੇ ਵਧਣ ਦੀ ਗੱਲ ਕੀਤੀ ਜਾਂਦੀ ਰਹੀ ਹੈ। ਪਰ ਪੂਰੀ ਸਿੱਖ ਕੌਮ ਇੰਨੇ ਵੱਡੇ ਦੁਖਾਂਤ ਨੂੰ ਕਿਵੇਂ ਭੁੱਲ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਬੀਜੇਪੀ ਵੱਲੋਂ ਵੀ ਇਸ ਦੁਖਾਂਤ ਲਈ ਕੋਈ ਵੱਡੀ ਮਦਦ ਨਹੀਂ ਕੀਤੀ ਗਈ। ਹਾਲਾਂਕਿ ਮੌਜੂਦਾ ਬੀਜੇਪੀ ਸਰਕਾਰ ਵੱਲੋਂ ਐੱਸਆਈਟੀ ਬਣਾਈ ਗਈ ਹੈ ਪਰ ਇਸ ਦੁਖਾਂਤ ਲਈ ਉਸ ਸਮੇਂ ਬੀਜੇਪੀ ਵੀ ਭਾਈਵਾਲ ਰਹੀ ਸੀ ਨਾਲ ਹੀ ਉਨ੍ਹਾਂ ਨੇ ਗੁਜਰਾਤ ਤੇ ਮੁੰਬਈ ਦੰਗਿਆਂ ਲਈ ਬੀਜੇਪੀ ਨੂੰ ਹੀ ਜ਼ਿੰਮੇਵਾਰ ਦੱਸਿਆ ਤੇ ਕਿਹਾ ਕਿ ਬੀਜੇਪੀ ਦੇ ਹੱਥ ਵੀ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਕਿਹਾ ਕਿ ਡਾ. ਮਨਮੋਹਣ ਸਿੰਘ ਦੇ ਬਿਆਨ ਤੋਂ ਬਾਅਦ ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਪੂਰੀ ਸਿੱਖ ਕੌਮ ਤੋਂ ਮਾਫੀ ਮੰਗੇ।