ਟੋਰਾਂਟੋ: ਓਨਟਾਰੀਓ ਵਾਸੀਆਂ ਨੂੰ 1 ਜਨਵਰੀ ਤੋਂ 13 ਆਮ ਬਿਮਾਰੀਆਂ ਦੇ ਇਲਾਜ ਵਾਸਤੇ ਡਾਕਟਰ ਕੋਲ ਨਹੀਂ ਜਾਣਾ ਪਵੇਗਾ ਅਤੇ ਫ਼ਾਰਮਾਸਿਸਟ ਹੀ ਦਵਾਈਆਂ ਦੇ ਸਕਣਗੇ। ਅੱਖਾਂ ਦੀ ਲਾਲੀ, ਤੇਜ਼ਾਬ ਬਣਨ, ਬੁੱਲ੍ਹ ਫਟਣ ਅਤੇ ਕੀੜਾ-ਮਕੌੜਾ ਲੜਨ ਵਰਗੀਆਂ ਸਮੱਸਿਆਵਾਂ ਦਾ ਇਲਾਜ ਕਰਨ ਦਾ ਅਧਿਕਾਰ ਫ਼ਾਰਮਾਸਿਸਟਾਂ ਨੂੰ ਦਿੱਤਾ ਗਿਆ ਹੈ। ਧੂੜ ਮਿੱਟੀ ਜਾਂ ਪਾਲਤੂ ਜਾਨਵਰਾਂ ਤੋਂ ਹੋਣ ਵਾਲੀ ਸਾਧਾਰਣ ਐਲਰਜੀ ਅਤੇ ਸਾਧਾਰਣ ਮੋਚ ਦੇ ਇਲਾਜ ਵਾਸਤੇ ਵੀ ਫ਼ਾਰਮਾਸਿਸਟਾਂ ਨੂੰ ਦਵਾਈ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ।
ਸ਼ੌਪਰਜ਼ ਡਰੱਗ ਮਾਰਟ ਦੇ ਪ੍ਰੈਜ਼ੀਡੈਂਟ ਜੇਫ਼ ਲੈਜਰ ਨੇ ਕਿਹਾ ਕਿ ਪਹਿਲੀ ਜਨਵਰੀ ਤੋਂ ਇਹ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਧਰ ਰੈਕਸਲ ਫ਼ਾਰਮੇਸੀ ਗਰੁੱਪ ਅਤੇ ਮਕੈਸਨ ਕੈਨੇਡਾ ਵੱਲੋਂ ਵੀ ਆਪਣੀਆਂ ਫ਼ਾਰਮੇਸੀਆਂ ‘ਤੇ 13 ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਦੇਣ ਦਾ ਐਲਾਨ ਕੀਤਾ ਗਿਆ ਹੈ। ਫ਼ਿਲਹਾਲ ਇਹ ਸਾਫ ਨਹੀਂ ਹੋ ਸਕਿਆ ਛੋਟੀਆਂ ਫ਼ਾਰਮੇਸੀਆਂ ਵੱਲੋਂ ਇਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਜਾਂ ਨਹੀਂ। ਓਨਟਾਰੀਓ ਫ਼ਾਰਮਾਸਿਸਟ ਐਸੋਸੀਏਸ਼ਨ ਦੇ ਸੀ.ਈ.ਓ. ਜਸਟਿਨ ਬੇਟਸ ਨੇ ਉਮੀਦ ਜ਼ਾਹਰ ਕੀਤੀ ਕਿ ਹੌਲੀ ਹੌਲੀ ਸਾਰੀਆਂ ਫ਼ਾਰਮੇਸੀਆਂ ‘ਤੇ ਇਹ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 13 ਬਿਮਾਰੀਆਂ ਤੋਂ ਪੀੜਤ ਸ਼ਖਸ ਨੂੰ ਆਪਣੇ ਸਰੀਰ ਵਿਚ ਮਹਿਸੂਸ ਹੋ ਰਹੇ ਲੱਛਣਾਂ ਮੁਤਾਬਕ ਘਰ ਨੇੜਲੀ ਫਾਰਮੇਸੀ ਨੂੰ ਕਾਲ ਕਰ ਕੇ ਪੁੱਛਣਾ ਹੋਵੇਗਾ ਕਿ ਸਬੰਧਤ ਬਿਮਾਰੀ ਦਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਾਂ ਨਹੀਂ।
ਮਰੀਜ਼ਾਂ ਲਈ ਲਾਜ਼ਮੀ ਹੈ ਕਿ ਉਹ ਫ਼ਾਰਮਾਸਿਸਟ ਨਾਲ ਗੱਲ ਕਰਨ ਤੋਂ ਬਾਅਦ ਹੀ ਦਵਾਈ ਲੈਣ ਵਾਸਤੇ ਘਰ ਰਵਾਨਾ ਹੋਣ। ਇਥੇ ਦੱਸਣਾ ਬਣਦਾ ਹੈ ਕਿ ਡਾਕਟਰਾਂ ਦੇ ਸਿਰ ਤੋਂ ਵਾਧੂ ਬੋਝ ਘਟਾਉਣ ਵਾਸਤੇ ਇਹ ਫੈਸਲਾ ਲਿਆ ਗਿਆ ਹੈ ਜਦਕਿ ਕੈਨੇਡਾ ਦੇ ਕਈ ਰਾਜਾਂ ‘ਚ ਇਹ ਸਹੂਲਤ ਪਹਿਲਾਂ ਹੀ ਚੱਲ ਰਹੀ ਹੈ।